ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੰਵਿਧਾਨਿਕ ਸਿਧਾਂਤਾਂ ਨਾਲ ਸਮਝੌਤਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦਾ ਪਤਾ ਦਿੱਲੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਯੂ–ਟਰਨ ਲੈਂਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਤਾਜ਼ਾ ਬਿਆਨ ਕਿ ਉਨ੍ਹਾਂ ਦੀ ਪਾਰਟੀ ਦਿੱਲੀ ‘ਚ ਭਾਜਪਾ ਦੇ ਨਾਲ ਹੈ, ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕਰ ਕੇ ਅਕਾਲੀਆਂ ਦਾ ਝੂਠ ਸਾਹਮਣੇ ਆ ਗਿਆ ਹੈ ਕਿ ਉਹ ਗੈਰ–ਸੰਵਿਧਾਨਕ ਅਤੇ ਵੰਡ ਪਾਉਣ ਵਾਲੇ ਨਾਗਰਿਕਤਾ (ਸੋਧ) ਕਾਨੂੰਨ ਦੇ ਖਿਲਾਫ ਹੈ। ਸੁਖਬੀਰ ਵਲੋਂ ਲਿਆ ਗਿਆ ਯੂ–ਟਰਨ ਤੇ ਦੋਵਾਂ ਪਾਰਟੀਆਂ ਦਰਮਿਆਨ ਆਪਸੀ ਤਾਲਮੇਲ ਦੀ ਕਮੀ ਦੀ ਗੱਲ ਕਹਿਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਕੀ ਭਾਜਪਾ ਸੀ. ਏ. ਏ. ਵਿਚ ਸੋਧ ਨੂੰ ਲੈ ਕੇ ਅਕਾਲੀ ਦਲ ਦੇ ਪੁਰਾਣੇ ਸਟੈਂਡ ‘ਤੇ ਸਹਿਮਤ ਹੋ ਗਈ ਹੈ ਜਾਂ ਅਕਾਲੀਆਂ ਨੇ
ਇਕ ਵਾਰ ਫਿਰ ਰਾਸ਼ਟਰੀ ਹਿੱਤਾਂ ਨਾਲ ਖਿਲਵਾੜ ਕਰਦਿਆਂ ਭਾਜਪਾ ਦੇ ਅੱਗੇ ਸਰੰਡਰ ਕਰ ਦਿੱਤਾ ਹੈ? ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਕਿਹਾ ਕਿ ਉਨ੍ਹਾਂ ਨੂੰ ਜਨਤਾ ਨੂੰ ਇਸ ਸਬੰਧੀਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਗੰਭੀਰ ਮੁੱਦੇ ‘ਤੇ ਅਕਾਲੀ ਦਲ ਨੇ ਸਟੈਂਡ ਲਿਆ, ਜੋ ਅਗਲੇ ਦਿਨ ਹੀ ਬੇਨਕਾਬ ਹੋ ਗਿਆ ਕਿਉਂਕਿ ਸੰਸਦ ‘ਚ ਅਕਾਲੀ ਦਲ ਨੇ ਸੀ. ਏ. ਏ. ਦਾ ਪੂਰੀ ਤਰ੍ਹਾਂ ਸਮਰਥਨ ਕੀਤਾ। ਉਨ੍ਹਾਂ ਅਕਾਲੀ ਦਲ ਨੂੰ ਕਿਹਾ ਕਿ ਇਕ ਹਫਤੇ ‘ਚ ਹੀ ਉਸ ਨੇ ਭਾਜਪਾ ਨੂੰ ਦਿੱਲੀ ਵਿਚ ਸਮਰਥਨ ਦੇਣ ਦੀ ਗੱਲ ਕਹਿ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ ਸੀ. ਏ. ਏ. ਦੇ ਮੁੱਦੇ ‘ਤੇ ਸਿਆਸੀ ਲਾਭ ਲੈਣਾ ਚਾਹੁੰਦੇ ਸਨ। ਦਿੱਲੀ ਦੀ ਘਟਨਾ ਨੇ ਅਕਾਲੀਆਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਤੇ ਨਾਲ ਹੀ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਬਾਦਲ ਪਰਿਵਾਰ ਕੇਂਦਰ ਵਿਚ ਹਰ ਕੀਮਤ ‘ਤੇ ਸੱਤਾ ਵਿਚ ਬਣੇ ਰਹਿਣਾ ਚਾਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਨਾਲ ਹੀ ਇਸ ਤੋਂ ਇਹਵੀ ਪਤਾ ਲੱਗ ਗਿਆ ਹੈ ਕਿ ਅਕਾਲੀ ਦਲ ਦਾ ਸੀ. ਏ. ਏ. ‘ਤੇ ਸਟੈਂਡ ਕਦੀ ਵੀ ਨਹੀਂ ਰਿਹਾ।