ਨਵੀਂ ਦਿੱਲੀ— ਨਿਰਭਯਾ ਮਾਮਲੇ ‘ਚ ਇਕ ਫਰਵਰੀ ਨੂੰ ਫਾਂਸੀ ਟਾਲਣ ਦੀ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਇਸ ‘ਚ ਤਿਹਾੜ ਜੇਲ ਨੇ ਕੋਰਟ ਨੂੰ ਕਿਹਾ ਹੈ ਕਿ ਇਕ ਫਰਵਰੀ ਨੂੰ ਤਿੰਨ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾਇਆ ਜਾ ਸਕਦਾ ਹੈ। ਤਿਹਾੜ ਜੇਲ ਵਲੋਂ ਵਕੀਲ ਇਰਫਾਨ ਅਹਿਮਦ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਪੈਂਡਿੰਗ ਹੈ। ਬਾਕੀ ਤਿੰਨਾਂ ਨੂੰ ਲਟਕਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਕੁਝ ਗੈਰ-ਕਾਨੂੰਨੀ ਨਹੀਂ ਹੈ। ਕੇਸ ਦੀ ਸੁਣਵਾਈ ਦੌਰਾਨ ਵਕੀਲਾਂ ਦਰਮਿਆਨ ਬਹਿਸ ਵੀ ਹੋ ਗਈ ਸੀ। ਇਸ ‘ਤੇ ਕੋਰਟ ਨੇ ਨਾਰਾਜ਼ਗੀ ਵੀ ਜਤਾਈ ਸੀ। ਦਰਅਸਲ ਇਸਤਗਾਸਾ ਪੱਖ ਨੇ ਮੁਕੇਸ਼ ਦੀ ਵਕੀਲ ਵਰਿੰਦਾ ਗਰੋਵਰ ਦੇ ਪੇਸ਼ ਹੋਣ ‘ਤੇ ਨਾਰਾਜ਼ਗੀ ਜਤਾਈ, ਕਿਹਾ ਕਿ ਮੁਕੇਸ਼ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਹੋ ਚੁਕੀਆਂ ਹਨ। ਜੱਜ ਨੇ ਆਪਸੀ ਬਹਿਸ ‘ਤੇ ਨਾਰਾਜ਼ਗੀ ਜਤਾਈ।
ਕੋਰਟ ‘ਚ ਗਰੋਵਰ ਨੇ ਤਿਹਾੜ ਦੀ ਗੱਲ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਦੋਸ਼ੀ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਦੇ ਸਾਹਮਣੇ ਪੈਂਡਿੰਗ ਹੋਵੇ ਤਾਂ ਬਾਕੀਆਂ ਨੂੰ ਵੀ ਫਾਂਸੀ ਨਹੀਂ ਦਿੱਤੀ ਜਾ ਸਕਦੀ।
ਨਿਰਭਯਾ ਦੇ ਵਕੀਲ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਮਾਮਲੇ ਨੂੰ ਲਟਕਾਏ ਜਾਣ ਦੇ ਹਥਕੰਡਿਆਂ ਤੋਂ ਇਲਾਵਾ ਇਹ ਕੁਝ ਨਹੀਂ ਹੈ। ਕਿਹਾ ਗਿਆ ਕਿ ਵਿਨੇ ਤੋਂ ਇਲਾਵਾ ਬਾਕੀ ਤਿੰਨ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਜੇਕਰ ਕੋਰਟ ਨੂੰ ਲੱਗਦਾ ਹੈ ਕਿ ਇਨ੍ਹਾਂ ‘ਚੋਂ ਕੋਈ ਇਕ ਨਿਰਦੋਸ਼ ਹੈ ਤਾਂ ਉਸ ਨੂੰ ਰਾਹਤ ਦੇ ਦੇਣ ਪਰ ਕੋਈ ਕਾਨੂੰਨ ਨਾਲ ਖਿਲਵਾੜ ਕਰ ਰਿਹਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ।
ਦੂਜੇ ਪਾਸੇ ਦੋਸ਼ੀ ਪਵਨ ਗੁਪਤਾ ਨੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ‘ਚ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਕਿਹਾ ਸੀ ਕਿ ਉਹ ਘਟਨਾ ਦੇ ਸਮੇਂ ਨਾਬਾਲਗ ਸੀ। ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।