ਜਲੰਧਰ – ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਪੂਰੇ ਕਰਨ ਦੀ ਮੰਗ ਨੂੰ ਲੈ ਕੇ 3 ਦਿਨਾਂ ਹੜਤਾਲ ਕੀਤੀ ਜਾ ਰਹੀ ਹੈ। ਚੱਲ ਰਹੀ ਹੜਤਾਲ ਦੇ ਤਹਿਤ ਅੱਜ ਜਲੰਧਰ ਜ਼ਿਲੇ ਦੇ ਸਰਕਾਰੀ ਬੈਂਕਾਂ ਦੀਆਂ ਕਰੀਬ 720 ਸ਼ਾਖਾਵਾਂ ਬੰਦ ਪਈਆਂ ਹੋਈਆਂ ਹਨ, ਜੋ ਅਗਲੇ 2 ਦਿਨ ਵੀ ਬੰਦ ਰਹਿਣਗੀਆਂ। ਹੜਤਾਲ ਕਾਰਨ ਜਲੰਧਰ ਜ਼ਿਲੇ ਦੇ ਸਰਕਾਰੀ ਬੈਂਕਾਂ ’ਚ ਕਰੀਬ 230 ਕਰੋੜ ਦੇ 25000 ਚੈਕ ਕਲੀਅਰ ਨਹੀਂ ਹੋਣਗੇਸ, ਜਿਸ ਨਾਲ ਕਰੀਬ 800 ਕਰੋੜ ਦਾ ਲੈਣ-ਦੇਣ ਬੰਦ ਰਹੇਗਾ। ਜਲੰਧਰ ਦੀ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਦੇ ਬਾਹਰ ਅੱਜ ਵੱਡੀ ਗਿਣਤੀ ’ਚ ਇਕੱਠੇ ਹੋਏ ਬੈਂਕ ਮੁਲਾਜ਼ਮਾਂ ਅਤੇ ਅਧਿਆਕਾਰੀਆਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਦੇ ਹੋਏ ਬੈਂਕ ਕਰਮੀਆਂ ਨੇ ਸ਼ਹਿਰ ’ਚ ਮਾਰਚ ਵੀ ਕੱਢਿਆ ।
ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਬੈਂਕ ਅਧਿਕਾਰੀ ਐੱਸ.ਪੀ.ਐੱਸ. ਵਿਰਕ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਦੇ ਬਾਰੇ ਦੱਸ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਦੀਆਂ ਮੁੱਖ ਮੰਗਾਂ ਤਨਖਾਹ ’ਚ ਵਾਧਾ ਕਰਨਾ, ਹਫਤੇ ’ਚ 5 ਦਿਨ ਕੰਮ, ਨਵੀਂ ਪੈਨਸ਼ਨ ਸਕੀਮ ਨੂੰ ਵਾਪਸ ਲੈਣਾ, ਫੈਮਿਲੀ ਪੈਨਸ਼ਨ ’ਚ ਸੁਧਾਰ ਕਰਨਾ ਸ਼ਾਮਲ ਹਨ। ਪ੍ਰਦਰਸ਼ਨ ਦੌਰਾਨ ਕਰਮੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।