ਸਾਨੂੰ ਦੱਸਿਆ ਜਾਂਦੈ ਕਿ ਪੂਰਬ ‘ਚ ਪੈਦਾ ਹੋਣ ਵਾਲੇ ਸੰਤ ਮਹਾਤਮਾ ਅਤੇ ਯੋਗੀ ਲੋਕ ਆਪਣੀ ਮਰਜ਼ੀ ਨਾਲ ਹੀ ਅਕਸਰ ਨਿਕਲ ਪੈਂਦੇ ਸਨ ਕਿਸੇ ਗੁਫ਼ਾ ‘ਚ ਜਾ ਕੇ ਦਹਾਕੇ ਬਿਤਾਉਣ ਅਤੇ ਇਕਾਂਤ ‘ਚ ਸਮਾਧੀ ਲਗਾ ਕੇ ਇਸ ਸੰਸਾਰ ਦਾ ਅਰਥ ਸਮਝਣ ਲਈ। ਉਹ ਜੀਵਿਤ ਰਹਿਣ ਲਈ ਕੇਵਲ ਬੇਰੀਆਂ ਖਾਂਦੇ ਅਤੇ ਆਪਣਾ ਤਨ ਢਕਣ ਲਈ ਉਨ੍ਹਾਂ ਕੋਲ ਟਾਟ ਦੇ ਬਣੇ ਵਸਤਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਹੁੰਦਾ। ਉਨ੍ਹਾਂ ਲਈ ਇਹ ਕੋਈ ਕਸ਼ਟ ਨਾ ਹੋ ਕੇ ਇੱਕ ਮੌਕਾ ਹੁੰਦਾ ਸੀ – ਮੌਕਾ ਇਸ ਸ੍ਰਿਸ਼ਟੀ ਨਾਲ ਵਾਰਤਾਲਾਪ ਕਰਨ ਦਾ ਅਤੇ ਇਕਾਂਤ ‘ਚ ਸੰਭਾਵੀ ਉੱਚਤਮ ਅਵੱਸਥਾ ਨੂੰ ਪ੍ਰਾਪਤ ਕਰਨ ਦਾ। ਖ਼ੁਸ਼ੀ ਦੀ ਗੱਲ ਇਹ ਹੈ ਕਿ ਤੁਹਾਨੂੰ ਇੰਨਾ ਸਭ ਕੁਝ ਕਰਨ ਦੀ ਕੋਈ ਲੋੜ ਨਹੀਂ। ਪਰ ਹਾਲ ਹੀ ਵਿੱਚ ਤੁਸੀਂ ਵੀ ਕਿਸੇ ਐਸੀ ਚੀਜ਼ ਦੀ ਕੁਰਬਾਨੀ ਦਿੱਤੀ ਹੈ ਜੋ ਤੁਹਾਡੇ ਲਈ ਬਹੁਤ ਮਾਇਨਾ ਰੱਖਦੀ ਸੀ। ਹੁਣ ਤਕ, ਇਹ ਪ੍ਰਕਿਰਿਆ ਆਨੰਦਮਈ ਹੋਣ ਨਾਲੋਂ ਵੱਧ ਇੱਕ ਸੰਘਰਸ਼ ਬਣੀ ਰਹੀ ਹੈ, ਪਰ ਹੁਣ ਆਉਣ ਵਾਲਾ ਹੈ ਮੁਕਤੀ ਅਤੇ ਪ੍ਰਤੀਫ਼ਲ ਦਾ ਸਮਾਂ।

ਪਰੀ ਕਹਾਣੀਆਂ ਵਿੱਚ ਡੱਡੂ ਅਚਾਨਕ ਰਾਜਕੁਮਾਰਾਂ ਵਿੱਚ ਤਬਦੀਲ ਹੋ ਜਾਂਦੇ ਹਨ, ਖੰਭਾਂ ਵਾਲੇ ਅਜਗਰਾਂ ‘ਤੇ ਜਿੱਤ ਪ੍ਰਾਪਤ ਕਰ ਲਈ ਜਾਂਦੀ ਹੈ, ਬਾਦਸ਼ਾਹਤਾਂ ਆਨੰਦ ਮਾਣਦੀਆਂ ਹਨ ਅਤੇ ਉਹ ਸਾਰੇ ਸਦਾ ਸਦਾ ਲਈ ਖ਼ੁਸ਼ੀ ਖ਼ੁਸ਼ੀ ਰਹਿੰਦੇ ਹਨ। ਖ਼ੂਬਸੂਰਤ ਰਾਜਕੁਮਾਰ ਕਦੇ ਵੀ ਬੁੱਢਾ, ਸਨਕੀ ਰਾਜਾ ਨਹੀਂ ਬਣਦਾ। ਖ਼ੂਬਸੂਰਤ ਰਾਜਕੁਮਾਰੀ ਸੱਦੀਆਂ ਸੱਦੀਆਂ ਤਕ ਛਬੀਲੀ, ਹਸੀਨ ਅਤੇ ਜਵਾਨ ਰਹਿੰਦੀ ਹੈ। ਅਜਗਰ ਦੀ ਮੌਤ ਦਾ ਬਦਲਾ ਲੈਣ ਲਈ ਉਸ ਦੇ ਚਾਚੇ ਦੇ ਮੁੰਡਿਆਂ ਦੇ ਕੋਈ ਨਾਰਾਜ਼ ਝੁੰਡ ਨਹੀਂ ਆਉਂਦੇ। ਰਾਜਾ ਆਪਣੇ ਸ਼ਾਸਨ ਨੂੰ ਪ੍ਰਜਾਤੰਤਰ ‘ਚ ਤਬਦੀਲ ਕਰਨ ਦਾ ਫ਼ੈਸਲਾ ਵੀ ਨਹੀਂ ਕਰਦਾ। ਸੁਣਨ ਵਿੱਚ ਸਭ ਕੁਝ ਬਹੁਤ ਸੌਖਾ ਲੱਗਦੈ ਨਾ? ਅਸਲ ਜ਼ਿੰਦਗੀ, ਪਰ, ਇੰਨੀ ਆਸਾਨ ਨਹੀਂ ਹੁੰਦੀ। ਵੈਸੇ ਵੀ ਤੁਹਾਡੀ ਪਰੀਕਥਾ ‘ਚ ਕੁਝ ਜ਼ਿਆਦਾ ਹੀ ਅਜਗਰ, ਕਾਲਕੋਠਰੀਆਂ ਅਤੇ ਤਹਿਖਾਨੇ ਹਨ, ਪਰ ਛੇਤੀ ਹੀ ਤੁਸੀਂ ਦੇਖੋਗੇ ਕਿ ਇਹ ਸਭ ਕੁਝ ਇੰਨਾ ਬੁਰਾ ਵੀ ਨਹੀਂ।

ਕਲਪਨਾ ਕਰੋ ਕਿ ਤੁਸੀਂ ਕਿਸੇ ਨਾਲ ਗੱਲਬਾਤ ਕਰੋ, ਅਤੇ ਕੇਵਲ ਇੱਕ ਵਾਰ ‘ਚ ਹੀ ਤੁਹਾਨੂੰ ਇਸ ਗੱਲ ਦਾ ਪੱਕਾ ਯਕੀਨ ਹੋ ਜਾਵੇ ਕਿ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਮਝ ਲਿਆ ਗਿਆ ਹੈ। ਕਲਪਨਾ ਕਰੋ ਅਜਿਹੀ ਕਿਸੇ ਗੰਭੀਰ, ਮਹੱਤਵਪੂਰਣ ਬਹਿਸ ਨੂੰ ਸ਼ੁਰੂ ਕਰਨ ਦੀ ਜਿਸ ਦੇ ਅੰਤ ਵਿੱਚ ਅਜਿਹਾ ਨਤੀਜਾ ਨਿਕਲੇ ਜਿਹੜਾ ਸਭ ਨੂੰ ਕਬੂਲ ਹੋਵੇ। ਅਜਿਹੀ ਦੁਨੀਆਂ ਬਾਰੇ ਤੁਹਾਡਾ ਕੀ ਖ਼ਿਅਲ ਹੈ ਜਿਸ ਵਿੱਚ ਲੋਕ ਇਮਾਨਦਾਰੀ ਨਾਲ ਇੱਕ ਦੂਜੇ ਨੂੰ ਸੁਣਨ ਅਤੇ ਇੱਕ ਦੂਸਰੇ ਦੀ ਸਿਆਣਪ ਦਾ ਸਤਿਕਾਰ ਕਰਨ? ਜਾਂ ਕਿਸੇ ਅਜਿਹੇ ਸੰਸਾਰ ਬਾਰੇ ਜਿੱਥੇ ਲੋਕ ਇੱਕ ਦੂਸਰੇ ਨੂੰ ਮਾਤ ਦੇਣ ਲਈ ਹਮੇਸ਼ਾ ਛੋਟੀਆਂ ਛੋਟੀਆਂ ਗੱਲਾਂ ‘ਤੇ ਨੰਬਰ ਬਣਾਉਣ ਨੂੰ ਨਾ ਫ਼ਿਰਨ? ਅਫ਼ਸੋਸ ਨਾਲ, ਮੈਂ ਸਾਰੇ ਲੋਕਾਂ ਵਿੱਚ ਅਜਿਹੀ ਮਹੱਤਵਪੂਰਨ ਤਬਦੀਲੀ ਦੀ ਭਵਿੱਖਬਾਣੀ ਤਾਂ ਨਹੀਂ ਕਰ ਸਕਦਾ, ਪਰ ਇੰਨਾ ਜ਼ਰੂਰ ਕਹਿ ਸਕਦਾਂ ਕਿ ਤੁਸੀਂ ਇਸ ਵਕਤ ਅਜਿਹਾ ਆਦਰਸ਼ ਸੰਸਾਰ ਹਾਸਿਲ ਕਰਨ ਵੱਲ ਇੱਕ ਵੱਡਾ ਕਦਮ ਪੁੱਟ ਸਕਦੇ ਹੋ।

ਕਿਸੇ ਦੇ ਵਤੀਰੇ ਅਤੇ ਹਾਲ ਹੀ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ, ਤੁਹਾਨੂੰ ਥੋੜ੍ਹੀ ਠੇਸ ਪਹੁੰਚੀ ਹੈ। ਨਿਰਾਸ਼ਾ ਦੇ ਉਸ ਤਜਰਬੇ ਨੇ ਤੁਹਾਨੂੰ ਕੁਝ ਹੱਦ ਤਕ ਭਾਵਨਾਤਮਕ ਤੌਰ ‘ਤੇ ਸੱਟ ਪਹੁੰਚਾਈ ਹੈ। ਇਸ ਨੇ ਆਸ਼ਾਵਾਦੀ ਹੋਣ ਦੀ ਤੁਹਾਡੀ ਕਾਬਲੀਅਤ ਨੂੰ ਸਿਮਿਤ ਕੀਤਾ ਹੈ – ਜਿਸ ਨੇ, ਜਵਾਬ ਵਿੱਚ, ਪਰੇਸ਼ਾਨ ਹੋਣ ਦੇ ਤੁਹਾਡੇ ਰੁਝਾਨ ਨੂੰ ਵਧਾਇਆ ਹੈ। ਇਹ ਵੀ ਇੱਕ ਕਾਰਨ ਹੈ ਕਿ ਇਸ ਵਕਤ ਇੰਝ ਕਿਉਂ ਲੱਗਦਾ ਹੈ ਜਿਵੇਂ ਤੁਸੀਂ ਆਪਣੇ ਮਨੋਵਿਗਿਆਨਕ ਗੱਡੇ ਨਾਲ ਦੋ ਘੋੜੇ ਬੰਨ੍ਹੇ ਹੋਣ। ਉਹ ਦੋਹੇਂ ਤੁਹਾਨੂੰ ਬਿਲਕੁਲ ਉਲਟ ਦਿਸ਼ਾਵਾਂ ਵਿੱਚ ਖਿੱਚ ਰਹੇ ਹਨ ਅਤੇ ਇੰਝ ਨਹੀਂ ਜਾਪਦਾ ਕਿ ਉਹ ਕਦੇ ਵੀ ਇਕੱਠਿਆਂ ਲੈਅ ਵਿੱਚ ਦੌੜ ਪਾਉਣਗੇ। ਚੋਣ ਕਰੋ। ਉਨ੍ਹਾਂ ‘ਚੋਂ ਇੱਕ ਨੂੰ ਦਫ਼ਾ ਕਰੋ ਅਤੇ ਫ਼ਿਰ ਦੂਸਰੇ ‘ਚ ਪੂਰਾ ਭਰੋਸਾ ਰੱਖੋ। ਤੁਹਾਨੂੰ ਅਫ਼ਸੋਸ ਨਹੀਂ ਹੋਵੇਗਾ।

ਕਈ ਵਾਰ, ਸਾਨੂੰ ਲੱਗਦੈ ਕਿ ਅਸੀਂ ਸੱਚਾਈ ਬਰਦਾਸ਼ਤ ਹੀ ਨਹੀਂ ਕਰ ਪਾਵਾਂਗੇ। ਅਸੀਂ ਕਿਸੇ ਸਥਿਤੀ ਤੋਂ ਇੰਨਾ ਡਰ ਜਾਂਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਆਪਣੇ ਆਪ ਨੂੰ ਉਸ ਤੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਉਸ ਨੂੰ ਅਣਗੌਲਿਆ ਕਰਨਾ। ਜੇਕਰ ਅਸੀਂ ਇਹ ਐਕਟਿੰਗ ਕਰਦੇ ਰਹੀਏ ਕਿ ਸਭ ਕੁਝ ਠੀਕ ਹੈ, ਸ਼ਾਇਦ, ਕਿਸੇ ਤਰ੍ਹਾਂ, ਜਾਦੂ ਨਾਲ, ਉਹ ਠੀਕ ਹੋ ਜਾਵੇ। ਸ਼ਾਇਦ ਸਾਨੂੰ ਕਦੇ ਵੀ ਉਹ ਪਲ ਨਾ ਦੇਖਣਾ ਪਵੇ ਜਦੋਂ ਸਾਡਾ ਸਾਹਮਣਾ ਕਿਸੇ ਅਸੁਵਿਧਾਜਨਕ ਸੱਚਾਈ ਨਾਲ ਹੋਵੇ। ਇਸ ਤਰ੍ਹਾਂ ਦੀ ਸੋਚ ਨਾਲ ਕੇਵਲ ਇੱਕੋ ਪੰਗਾ ਹੈ। ਇਹ ਸਾਨੂੰ ਜ਼ਿੰਦਗੀ ਨਾਸਮਝੀ ਅਤੇ ਕਮਜ਼ੋਰੀ ਨਾਲ ਬਿਤਾਉਣ ‘ਤੇ ਮਜਬੂਰ ਕਰਦੀ ਹੈ। ਬਹਾਦਰ ਬਣੋ! ਤੁਹਾਨੂੰ ਕਿਸੇ ਵੀ ਸ਼ੈਅ ਤੋਂ ਡਰਨ ਦੀ ਕੋਈ ਲੋੜ ਨਹੀਂ, ਕਵੇਲ ਡਰ ਨੂੰ ਛੱਡ ਕੇ, ਅਤੇ ਇਹ ਵੀ ਅਲੋਪ ਹੋ ਜਾਵੇਗਾ ਜਦੋਂ ਇੱਕ ਵਾਰ ਤੁਸੀਂ ਸੱਚਾਈ ਨੂੰ ਸੰਭਾਲ ਲਿਆ।