ਚੰਡੀਗੜ੍ਹ – ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਨੇ ਮਹਿੰਦਰ ਸਿੰਘ ਧੋਨੀ ਦੀ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਕਪਿਲ ਨੇ ਕਿਹਾ ਕਿ ਮੇਰੇ ਮੁਤਾਬਿਕ ਜੇਕਰ ਤੁਸੀਂ ਇਨੇ ਲੰਬੇ ਸਮੇਂ ਲਈ ਕ੍ਰਿਕਟ ਤੋਂ ਦੂਰ ਰਹੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਟੀਮ ‘ਚ ਵਾਪਸੀ ਕਰ ਸਕਦੇ ਹੋ।
ਕਪਿਲ ਨੇ ਇੱਕ ਨਿਜੀ ਚੈਨਲ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਧੋਨੀ ਨੇ ਇਸ ਦੇਸ਼ ਲਈ ਬਹੁਤ ਕੁੱਝ ਕੀਤਾ ਹੈ ਪਰ ਜਦੋਂ ਤੁਸੀਂ 6-7 ਮਹੀਨਿਆਂ ਤਕ ਕ੍ਰਿਕਟ ਨਹੀਂ ਖੇਡਦੇ ਹੋ ਤਾਂ ਤੁਸੀਂ ਸਾਰਿਆਂ ਦੇ ਮਨ ‘ਚ ਇੱਕ ਸ਼ੱਕ ਛੱਡ ਦਿੰਦੇ ਹੋ। ਫ਼ਿਰ ਇਸ ‘ਤੇ ਬਹੁਤ ਸਾਰੀਆਂ ਚਰਚਾਵਾਂ ਹੋਣ ਲੱਗਦੀਆਂ ਹਨ ਜੋ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ। ਕਪਿਲ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਇਨ੍ਹੇ ਲੰਬੇ ਸਮੇਂ ਕ੍ਰਿਕਟ ਤੋਂ ਦੂਰ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਤੋਂ ਵੀ ਟੀਮ ‘ਚ ਵਾਪਸੀ ਕਰ ਸਕਦੇ ਹੋ, ਪਰ ਉਨ੍ਹਾਂ ਕੋਲ ਅਜੇ ਵੀ IPL ‘ਚ ਖੇਡਣ ਦਾ ਮੌਕਾ ਹੈ ਅਤੇ ਉਸ ‘ਚ ਉਨ੍ਹਾਂ ਦੀ ਫ਼ੌਰਮ ਨੂੰ ਦੇਖਣਾ ਮਹੱਤਵਪੂਰਨ ਹੋਵੇਗਾ। ਮੈਂ ਇਹ ਉਮੀਦ ਕਰਦਾ ਹਾਂ ਕਿ ਚੋਣਕਾਰ ਜੋ ਵੀ ਕਰਨ, ਉਹ ਦੇਸ਼ ਲਈ ਸਭ ਤੋਂ ਚੰਗਾ ਹੋਣਾ ਚਾਹੀਦਾ ਹੈ। ਧੋਨੀ ਦੇ ਕ੍ਰਿਕਟ ਤੋਂ ਦੂਰੀ ‘ਤੇ ਸਾਬਕਾ ਭਾਰਤੀ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੇ ਵੀ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਧੋਨੀ ਦੀ ਫ਼ਿੱਟਨੈੱਸ ਨੂੰ ਲੈ ਕੇ ਮੈਂ ਨਹੀਂ ਦੱਸ ਸਕਦਾ ਇਹ ਉਨ੍ਹਾਂ ਨੂੰ ਹੀ ਪੁੱਛਣਾ ਚਾਹੀਦਾ ਹੈ ਕਿ ਇਸ ਸਮੇਂ ਉਨ੍ਹਾਂ ਦੀ ਫ਼ਿੱਟਨੈਸ ਕਿਵੇਂ ਦੀ ਹੈ। ਕੀ ਕੋਈ ਆਪਣੇ ਆਪ ਨੂੰ ਇਨ੍ਹੇ ਲੰਬੇ ਸਮਾਂ ਤੱਕ ਖੇਡ ਤੋਂ ਦੂਰ ਰੱਖ ਸਕਦਾ ਹੈ ਸਵਾਲ ਇਹ ਹੈ?