ਵੈਲਿੰਗਟਨ – ਟੀਮ ਇੰਡੀਆ ਇਸ ਸਮੇਂ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਉਹ ਜਿੱਥੇ ਵੀ ਖੇਡਦੀ ਹੈ ਨਵਾਂ ਰਿਕਾਰਡ ਬਣ ਹੀ ਜਾਂਦਾ ਹੈ। ਭਾਵੇਂ ਘਰੇਲੂ ਮੈਦਾਨ ‘ਤੇ ਖੇਡੇ ਜਾਂ ਬਾਹਰ। ਇਸੇ ਤਰ੍ਹਾਂ ਨਿਊ ਜ਼ੀਲੈਂਡ ਦੌਰੇ ‘ਤੇ ਟੀਮ ਇੰਡੀਆ ਨੇ T-20 ਸੀਰੀਜ਼ ਜਿੱਤੀ। ਟੀਮ ਦੇ ਲਗਭਗ ਸਾਰੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਇਸ ਸਮੇਂ ਅਸੀਂ ਗੱਲ ਕਰ ਰਹੇ ਹਾਂ ਟੀਮ ਇੰਡੀਆ ਦੇ ਸੰਭਾਵੀ ਨਵੇਂ ਕਪਤਾਨ ਦੀ। ਕੀ ਤੁਸੀਂ ਉਸ ਦਾ ਨਾਂ ਜਾਣਦੇ ਹੋ? ਜੇਕਰ ਨਹੀਂ ਜਾਣਦੇ ਤਾਂ ਆਓ ਅਸੀਂ ਤੁਹਾਨੂੰ ਉਸ ਬਾਰੇ ਦਸਦੇ ਹਾਂ।
ਵਿਰਾਟ ਕੋਹਲੀ ਨੂੰ ਪੰਜਵੇਂ ਅਤੇ ਆਖਰੀ T-20 ‘ਚ ਆਰਾਮ ਦਿੱਤਾ ਗਿਆ ਸੀ। ਇਸ ਵਾਰ ਕਪਤਾਨੀ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਸੀ ਅਤੇ ਕੇ. ਐੱਲ. ਰਾਹੁਲ ਉੱਪ ਕਪਤਾਨ ਬਣਾਇਆ ਗਿਆ। ਪਹਿਲਾ ਵਿਕਟ ਛੇਤੀ ਡਿੱਗਣ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਰੋਹਿਤ ਸ਼ਰਮਾ ਨੇ ਤਾਂ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਹਾਲਾਂਕਿ ਕੇ. ਐੱਲ ਰਾਹੁਲ 33 ਗੇਂਦਾਂ ‘ਚ 45 ਦੌੜਾਂ ਬਣਾ ਕੇ ਆਊਟ ਹੋ ਗਿਆ, ਅਤੇ ਉਹ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕਿਆ।
ਜਿਵੇਂ ਹੀ ਰੋਹਿਤ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਉਸ ਤੋਂ ਬਾਅਦ ਰੋਹਿਤ ਸ਼ਰਮਾ ਦੀਆਂ ਨਸਾਂ ‘ਚ ਖਿੱਚਾਅ ਆ ਗਿਆ। ਇਸੇ ਦੇ ਬਾਵਜੂਦ ਰੋਹਿਤ ਬੱਲੇਬਾਜ਼ੀ ਕਰਦੇ ਰਿਹਾ, ਪਰ ਬਦਕਿਸਮਤੀ ਨਾਲ ਉਹ 41 ਗੇਂਦਾਂ ‘ਚ 60 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਕੇ ਪਵੇਲੀਅਨ ਪਰਤ ਗਿਆ। ਰੋਹਿਤ ਦੇ ਵਾਪਿਸ ਨਾ ਆਉਣ ‘ਤੇ ਇਹ ਸਵਾਲ ਪੈਦਾ ਹੋ ਗਿਆ ਕਿ ਟੀਮ ਇੰਡੀਆ ਦੀ ਕਪਤਾਨੀ ਕੌਣ ਕਰੇਗਾ। ਇਸ ਦੌਰਾਨ ਟੀਮ ਮੈਨੇਜਮੈਂਟ ਨੇ ਕੇ. ਐੱਲ. ਰਾਹੁਲ ‘ਤੇ ਭਰੋਸਾ ਜਤਾਇਆ ਅਤੇ ਉਸ ਨੂੰ ਕਪਤਾਨੀ ਸੌਂਪੀ ਗਈ। ਆਪਣੇ ਪਹਿਲੇ ਹੀ ਕਪਤਾਨੀ ਵਾਲੇ ਮੈਚ ‘ਚ ਕੇ. ਐੱਲ. ਰਾਹੁਲ ਉਮੀਦਾਂ ‘ਤੇ ਖਰੇ ਉਤਰਦੇ ਹੋਏ ਭਾਰਤ ਨੂੰ ਸੱਤ ਦੌੜਾਂ ਨਾਲ ਜਿੱਤ ਦਿਵਾ ਦਿੱਤੀ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਕੇ. ਐੱਲ. ਰਾਹੁਲ ਸ਼ਾਨਦਾਰ ਬੱਲੇਬਾਜ਼ ਬਣ ਕੇ ਉਭਰਿਐ। ਨਿਊ ਜ਼ੀਲੈਂਡ ਖ਼ਿਲਾਫ਼ ਖੇਡੀ ਗਈ ਸੀਰੀਜ਼ ‘ਚ ਉਹ ਮੈਨ ਔਫ਼ ਦਾ ਸੀਰੀਜ਼ ਵੀ ਬਣਿਆ ਅਤੇ ਉਸ ਨੇ ਹਰ ਮੈਚ ‘ਚ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਕੇ. ਐੱਲ. ਰਾਹੁਲ ਨੇ 56, ਅਜੇਤੂ 57,27, 39 ਅਤੇ 45 ਦੌੜਾਂ ਦੀ ਪਾਰੀ ਖੇਡੀ। ਇਸ ਪ੍ਰਦਰਸ਼ਨ ਨਾਲ ਉਸ ਨੇ ਟੀਮ ਇੰਡੀਆ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕੇ. ਐੱਲ. ਰਾਹੁਲ ਇੱਕ ਅਜਿਹਾ ਬੱਲੇਬਾਜ਼ ਹੈ ਜੋ ਟੀਮ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਿਤੇ ਵੀ ਬੱਲੇਬਾਜ਼ੀ ਕਰ ਸਕਦੈ। ਕੇ. ਐੱਲ. ਰਾਹੁਲ ਇਸ ਸਮੇਂ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਬੈਟਿੰਗ ਕਰ ਰਿਹਾ ਹੈ ਅਤੇ ਇਹ ਉਸ ਦੀ ਪਸੰਦੀਦਾ ਜਗ੍ਹਾ ਵੀ ਹੈ, ਪਰ ਉਹ ਨੰਬਰ ਤਿੰਨ ਤੋਂ ਚਾਰ, ਪੰਜ ਅਤੇ ਛੇ ਤਕ ਵੀ ਖੇਡ ਸਕਦਾ ਹੈ। ਇਸ ਤੋਂ ਇਲਾਵਾ ਉਸ ਦੇ ਵਿਕਟਕੀਪਿੰਗ ਸਕਿਲਜ਼ ਵੀ ਉਸ ਨੂੰ ਇੱਕ ਮਜ਼ਬੂਤ ਦਾਅਵੇਦਾਰ ਬਣਾਉਂਦੇ ਹਨ। ਹਾਲ ਹੀ ਵਿੱਚ ਨਿਊ ਜ਼ੀਲੈਂਡ ਸੀਰੀਜ਼ ਦੌਰਾਨ ਉਹ ਇੱਕ ਵਿਕਟਕੀਪਰ ਦੀ ਜ਼ਿੰਮੇਵਾਰੀ ਵੀ ਨਿਭਾਉਂਦਾ ਆ ਰਿਹੈ।
ਜੇਕਰ ਕਪਤਾਨੀ ਦੀ ਗੱਲ ਕਰੀਏ ਤਾਂ ਕੇ. ਐੱਲ. ਰਾਹੁਲ ਭਵਿੱਖ ਦਾ ਇੱਕ ਦਮਦਾਰ ਕਪਤਾਨ ਬਣ ਸਕਦਾ ਹੈ ਕਿਉਂਕਿ ਬੀਤੇ ਸਮੇਂ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ‘ਚ ਸਰਗਰਮ ਰਹਿੰਦੇ ਹੀ ਕਪਤਾਨੀ ਛੱਡ ਦਿੱਤੀ ਸੀ ਅਤੇ ਵਿਰਾਟ ਕੋਹਲੀ ਕਪਤਾਨ ਬਣਿਆ ਸੀ। ਪਿਛਲੇ ਕੁੱਝ ਮੈਚਾਂ ‘ਚ ਰੋਹਿਤ ਨੂੰ ਵੀ ਕਪਤਾਨ ਬਣਾਇਆ ਗਿਆ ਸੀ, ਪਰ ਜੇਕਰ ਦੇਖਿਆ ਜਾਵੇ ਤਾਂ ਦੋਹੇਂ ਕਪਤਾਨ ਉਮਰ ਦੇ ਮਾਮਲੇ ‘ਚ 32 ਸਾਲ ਦੇ ਕਰੀਬ ਹਨ। ਹੁਣ ਇਹ ਦੋ ਕ੍ਰਿਕਟਰ ਕੁੱਝ ਸਾਲਾਂ ਤਕ ਤਾਂ ਕਪਤਾਨੀ ਕਰ ਸਕਦੇ ਹਨ, ਪਰ ਲੰਬੇ ਸਮੇਂ ਲਈ ਨਹੀਂ। ਜੇਕਰ ਕਪਤਾਨ ਬਣਾਉਣ ਵਾਲੇ ਖਿਡਾਰੀ ‘ਤੇ ਨਜ਼ਰ ਮਾਰੀਏ ਤਾਂ ਕੇ. ਐੱਲ. ਰਾਹੁਲ ਦਾ ਨਾਂ ਉਭਰ ਕੇ ਸਾਹਮਣੇ ਆਉਂਦਾ ਹੈ। ਕੇ. ਐੱਲ. ਰਾਹੁਲ ਦੀ ਉਮਰ ਦੀ ਗੱਲ ਕਰੀਏ ਤਾਂ ਉਹ ਅਜੇ ਕਰੀਬ 27 ਸਾਲਾਂ ਦਾ ਹੈ। ਅਜਿਹੇ ‘ਚ ਉਮਰ ਵੀ ਉਸ ਦੇ ਨਾਲ ਹੈ ਜਦਕਿ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਤੋਂ ਵੀ ਉਹ ਸੀਨੀਅਰ ਹੈ।