ਔਕਲੈਂਡ – ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊ ਜ਼ੀਲੈਂਡ ਨਾਲ ਖੇਡਦੇ ਹੋਏ ਪੰਜਵੇਂ ਅਤੇ ਆਖ਼ਰੀ T-20 ਮੁਕਾਬਲੇ ‘ਚ ਧਾਰਧਾਰ ਗੇਂਦਬਾਜ਼ੀ ਕੀਤੀ। ਪੂਰੀ ਦੁਨੀਆ ‘ਚ ਆਪਣੀ ਰਫ਼ਤਾਰ ਅਤੇ ਯੌਰਕਰਜ਼ ਦਾ ਲੋਹਾ ਮਨਵਾਉਣ ਵਾਲੇ ਬੁਮਰਾਹ ਨੇ ਇਸ ਮੁਕਾਬਲੇ ‘ਚ ਇੱਕ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ।
ਜਸਪ੍ਰੀਤ ਬੁਮਰਾਹ T-20 ਕ੍ਰਿਕਟ ‘ਚ ਪਹਿਲਾ ਅਜਿਹਾ ਗੇਂਦਬਾਜ਼ ਬਣ ਗਿਆ ਹੈ ਜਿਸ ਨੇ ਸੱਤ ਮੇਡਨ ਓਵਰ ਸੁੱਟੇ ਹੋਣ। ਉਸ ਨੇ ਸ਼੍ਰੀ ਲੰਕਾ ਦੇ ਨੁਵਾਨ ਕੁਲਾਸ਼ੇਖਰਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਦੇ ਨਾਂ ਛੇ ਮੇਡਨ ਓਵਰ ਸਨ। ਇਸ ਮੈਚ ‘ਚ ਬੁਮਰਾਹ ਨੇ ਆਪਣੇ 4 ਓਵਰ ਦੀ ਸਪੈੱਲ ‘ਚ 12 ਦੌੜਾਂ ਦਿੱਤੀਆਂ ਅਤੇ ਇੱਕ ਮੇਡਨ ਦੇ ਨਾਲ ਤਿੰਨ ਵਿਕਟ ਵੀ ਝਟਕਾਏ। ਉਸ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਉਸ ਨੂੰ ਆਖ਼ਰੀ ਮੈਚ ‘ਚ ਮੈਨ ਔਫ਼ ਦਾ ਮੈਚ ਦੇ ਖ਼ਿਤਾਬ ਨਾਲ ਨਵਾਜਿਆ ਗਿਆ।
ਮੈਚ ਤੋਂ ਬਾਅਦ ਬੁਮਰਾਹ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੀਰੀਜ਼ ‘ਚੋਂ ਕਾਫ਼ੀ ਕੁੱਝ ਸਿੱਖਿਆ ਹੈ। ਉਸ ਨੇ ਕਿਹਾ, ”ਸਾਨੂੰ ਲੱਗਾ ਕਿ ਇਹ ਮੈਚ ਸਾਡੀ ਪਕੜ ਤੋਂ ਦੂਰ ਕੀਤਾ ਜਾ ਰਿਹਾ ਹੈ, ਪਰ ਸਾਨੂੰ ਪਤਾ ਸੀ ਕਿ ਇੱਕ ਜਾਂ ਦੋ ਓਵਰ ਚੰਗੇ ਨਿਕਲਣ ਦੇ ਬਾਅਦ ਅਸੀਂ ਮੁਕਾਬਲੇ ‘ਚ ਵਾਪਸੀ ਕਰ ਸਕਦੇ ਹਾਂ। ਹਵਾ ਕਾਫ਼ੀ ਤੇਜ਼ ਸੀ ਅਤੇ ਸਾਡੀ ਕੋਸ਼ਿਸ਼ ਸੀ ਕਿ ਹਵਾ ਦਾ ਫ਼ਾਇਦਾ ਚੁੱਕਿਆ ਜਾਵੇ।”
ਜ਼ਿਕਰਯੋਗ ਹੈ ਕਿ ਆਖ਼ਰੀ ਮੁਕਾਬਲੇ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊ ਜ਼ੀਲੈਂਡ ਦੇ ਸਾਹਮਣੇ 164 ਦੌੜਾਂ ਦਾ ਛੋਟਾ ਜਿਹਾ ਟੀਚਾ ਰੱਖਿਆ ਸੀ। ਇਸ ਦੇ ਜਵਾਬ ‘ਚ ਨਿਊ ਜ਼ੀਲੈਂਡ ਦੀ ਟੀਮ ਨੇ 7 ਦੌੜਾਂ ਨਾਲ ਇਸ ਮੁਕਾਬਲੇ ਨੂੰ ਗੁਆ ਲਿਆ। ਇਸ ਦੇ ਚਲਦੇ ਭਾਰਤ ਨੇ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰ ਲਿਆ। ਹੁਣ ਦੋਹਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਸ਼ੁਰੂ ਹੋ ਚੁੱਕੀ ਹੈ।