ਮੁੰਬਈ – ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਉਹ ਕਮਰ ਦੀ ਸੱਟ ਤੋਂ ਵਾਪਸੀ ਕਰਨ ਵਿੱਚ ਜਲਦਬਾਜ਼ੀ ਨਾ ਕਰੇ। ਪੰਡਯਾ ਪਿਛਲੇ ਸਾਲ ਸਤੰਬਰ ਤੋਂ ਟੀਮ ਵਿਚੋਂ ਬਾਹਰ ਹੈ। ਅਕਤੂਬਰ ਵਿੱਚ ਉਸ ਦੀ ਕਮਰ ਦੇ ਹੇਠਲੇ ਹਿੱਸੇ ‘ਤੇ ਸਰਜਰੀ ਹੋਈ ਸੀ। ਇਸ ਗੱਲ ਦੀ ਸੰਭਾਵਨਾ ਵੀ ਘੱਟ ਹੈ ਕਿ ਉਹ 29 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਵਾਪਸੀ ਕਰੇ।
ਆਪਣੇ ਕਰੀਅਰ ਵਿੱਚ ਕਈ ਸੱਟਾਂ ਤੋਂ ਪਰੇਸ਼ਾਨ ਰਹੇ ਜ਼ਹੀਰ ਨੇ ਕਿਹਾ, ”ਮੁੰਬਈ ਇੰਡੀਅਨਜ਼ ਲਈ IPL ਵਿੱਚ ਅਜੇ ਕਾਫ਼ੀ ਸਮਾਂ ਹੈ ਅਤੇ ਹਾਰਦਿਕ ਨੂੰ ਆਪਣਾ ਸਮਾਂ ਲੈਣਾ ਚਾਹੀਦਾ ਹੈ ਅਤੇ 120 ਫ਼ੀਸਦੀ ਦੀ ਫ਼ਿਟਨੈੱਸ ਨਾਲ ਵਾਪਸੀ ਕਰਨੀ ਚਾਹੀਦੀ ਹੈ। ਮੈਂ ਇਸ ਨੂੰ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ।”