ਵੈਲਿੰਗਟਨ – ਟੀਮ ਇੰਡੀਆ ‘ਤੇ ਨਿਊ ਜ਼ੀਲੈਂਡ ਖ਼ਿਲਾਫ਼ ਪੰਜਵੇਂ T-20 ਮੈਚ ‘ਚ ਹੌਲੀ ਓਵਰ ਰੇਟ ਲਈ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਸੀਰੀਜ਼ ‘ਚ ਭਾਰਤੀ ਟੀਮ ‘ਤੇ ਲਗਾਤਾਰ ਦੂਜੇ ਮੈਚ ‘ਚ ਇਹ ਜੁਰਮਾਨਾ ਲੱਗਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ‘ਤੇ ਚੌਥੇ T-20 ਮੁਕਾਬਲੇ ‘ਚ ਹੌਲੀ ਓਵਰ ਰੇਟ ਲਈ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਲੱਗਾ ਸੀ।
ਇਸ ਤਰ੍ਹਾਂ ਭਾਰਤ ‘ਤੇ 264 ਮੈਚਾਂ ਤੋਂ ਬਾਅਦ ਲਗਾਤਾਰ ਦੋ ਮੈਚਾਂ ‘ਚ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾ ਹੈ। ਭਾਰਤ ਨਿਰਧਾਰਿਤ ਸਮੇਂ ਤੋਂ ਇੱਕ ਓਵਰ ਪਿੱਛੇ ਰਹਿ ਗਿਆ ਸੀ ਜਿਸ ਕਾਰਣ ਉਸ ‘ਤੇ 20 ਫ਼ੀਸਦੀ ਜੁਰਮਾਨਾ ਲਾਇਆ ਗਿਆ। ਇਸ ਸੀਰੀਜ਼ ‘ਚ ਇਹ ਦੂਜਾ ਮੌਕਾ ਹੈ ਜਦੋਂ ਟੀਮ ਇੰਡੀਆ ‘ਤੇ ਹੌਲੀ ਓਵਰ ਰੇਟ ਨੂੰ ਲੈ ਕੇ ਜੁਰਮਾਨਾ ਲਗਾਇਆ ਗਿਆ ਹੈ। ਮੈਚ ਰੈਫ਼ਰੀ ਕ੍ਰਿਸ ਬਰੌਡ ਨੇ ਹੌਲੀ ਓਵਰ ਰਫ਼ਤਾਰ ਨੂੰ ਲੈ ਕੇ ICC ਅਚਾਰ ਸੰਹਿਤਾ ਦੀ ਧਾਰਾ 2.22 ਤਹਿਤ ਜੁਰਮਾਨਾ ਲਗਾਇਆ ਹੈ ਜਿਸ ਮੁਤਾਬਿਕ ਹਰ ਇੱਕ ਹੌਲੀ ਓਵਰ ‘ਤੇ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।
ਕਪਤਾਨ ਵਿਰਾਟ ਕੋਹਲੀ ਦੀ ਗ਼ੈਰਹਾਜ਼ਰੀ ‘ਚ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਨੇ ਇਸ ਜੁਰਮਾਨੇ ਨੂੰ ਮਨਜ਼ੂਰ ਕਰ ਲਿਆ। ਚੌਥੇ ਮੈਚ ਤੋਂ ਪਹਿਲਾਂ ਹੁਣ ਤਕ ਭਾਰਤੀ ਟੀਮ ‘ਤੇ ਉਸ ਦੇ 264 ਮੈਚਾਂ ‘ਚ ਇਸ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਲੱਗਾ ਸੀ। ਚੌਥੇ ਮੈਚ ‘ਚ ਜੋ ਜੁਰਮਾਨਾ ਲੱਗਾ ਸੀ ਉਹ ਰੈਗੂਲਰ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ‘ਚ ਹੌਲੀ ਓਵਰ ਰੇਟ ਲਈ ਜੁਰਮਾਨੇ ਦਾ ਪਹਿਲਾ ਮਾਮਲਾ ਸੀ।