ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ਨੀਵਾਰ ਨੂੰ ਖਤਮ ਹੋ ਚੁੱਕੀ ਹੈ। ਵੋਟਿੰਗ ਤੋਂ ਬਾਅਦ ਆਏ ਐਗਜ਼ਿਟ ਪੋਲ ਦੇ ਨਤੀਜੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਇਕ ਵਾਰ ਫਿਰ ਭਾਰੀ ਬਹੁਮਤ ਨਾਲ ਦਿੱਲੀ ‘ਚ ਸਰਕਾਰ ਬਣਾ ਸਕਦੀ ਹੈ। ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 70 ਵਿਧਾਨ ਸਭਾ ਸੀਟਾਂ ‘ਚੋਂ 68 ਸੀਟਾਂ ‘ਤੇ ਜਿੱਤ ਮਿਲ ਸਕਦੀ ਹੈ। ਇਸੇ ਦੌਰਾਨ ਖਬਰ ਸਾਹਮਣੇ ਆਈ ਹੈ ਕਿ ਭਾਜਪਾ ਨੇ ਚੋਣਾਂ ਨੂੰ ਲੈ ਕੇ ਇਕ ਅਹਿਮ ਬੈਠਕ ਸੱਦੀ ਹੈ।
ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਦਿੱਲੀ ਚੋਣ ਨੂੰ ਲੈ ਕੇ ਪੰਤ ਮਾਰਗ ‘ਚ ਰਾਤ ਸਾਢੇ 8 ਵਜੇ ਇਕ ਬੈਠਕ ਸੱਦੀ ਹੈ। ਇਸ ਬੈਠਕ ‘ਚ ਦਿੱਲੀ ਦੇ ਸੱਤ ਸੰਸਦ ਮੈਂਬਰ ਅਤੇ ਦਿੱਲੀ ਬੀਜੇਪੀ ਦੇ ਸੀਨੀਅਰ ਨੇਤਾ ਵਿਜੇ ਗੋਇਲ, ਚੋਣ ਇੰਚਾਰਜ ਪ੍ਰਕਾਸ਼ ਜਾਵਡੇਕਰ, ਸਹਿ ਇੰਚਾਰਜ ਹਰਦੀਪ ਸਿੰਘ, ਨਿਤਿਆਨੰਦ ਰਾਏ ਅਤੇ ਲੋਕ ਸਭਾ ਚੋਣ ਇੰਚਾਰਜ ਨੂੰ ਸੱਦਿਆ ਗਿਆ ਹੈ।