ਤਰਨਤਾਰਨ : ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਹੋਏ ਧਮਾਕੇ ਵਿਚ ਮਾਰੇ ਗਏ ਗੁਰਪ੍ਰੀਤ ਸਿੰਘ (11) ਅਤੇ ਮਨਦੀਪ ਸਿੰਘ (14) ਦਾ ਅੰਤਿਮ ਸੰਸਕਾਰ ਪਿੰਡ ਪਹੁਵਿੰਡ ਵਿਖੇ ਅਤਿ ਗਮਗੀਨ ਮਾਹੌਲ ‘ਚ ਕਰ ਦਿੱਤਾ ਗਿਆ। ਦੋਵਾਂ ਬੱਚਿਆਂ ਦੇ ਪਰਿਵਾਰਾਂ ਦੇ ਰੋ-ਰੋ ਕੇ ਬੁਰਾ ਹਾਲ ਸੀ। ਇਸ ਹਾਦਸੇ ਵਿਚ ਮਾਰੇ ਗਏ ਦੋਵੇਂ ਬੱਚੇ ਆਪਣੇ ਮਾਪਿਆਂ ਇਕਲੌਤੇ ਪੁੱਤ ਸਨ।
ਇਸ ਮੌਕੇ ਨਗਰ ਕੀਰਤਨ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਫੀ ਦੇਰ ਤਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਹੋਇਆ ਕੀ ਹੈ ਅਤੇ ਜਦੋਂ ਪਤਾ ਲੱਗਾ ਤਾਂ ਦੇਖਿਆ ਕਿ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ ਅਤੇ ਬੱਚਿਆਂ ਦੇ ਚਿੱਥੜੇ ਉੱਡ ਚੁੱਕੇ ਸਨ ਜਿਨ੍ਹਾਂ ਵਿਚੋਂ 9 ਦੇ ਕਰੀਬ ਨੌਜਵਾਨ ਗੰਭੀਰ ਜ਼ਖ਼ਮੀ ਹਨ।
ਇਸ ਦੁੱਖ ਦੀ ਘੜੀ ਵਿਚ ਪਹੁੰਚੇ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਬਾਬਾ ਬਿਧੀ ਚੰਦ ਗੁਰਦੁਆਰਾ ਸਾਹਿਬ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ ਆਤਿਸ਼ਬਾਜ਼ੀ ‘ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ।