ਨਵੀਂ ਦਿੱਲੀ–ਭਾਜਪਾ ਨੇ ਦਿੱਲੀ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਉਣ ਪਿੱਛੋਂ ਸ਼ਨੀਵਾਰ ਰਾਤ ਇਕ ਅਹਿਮ ਬਿਆਨ ਦਿੱਤਾ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਮੰਨਿਆ ਕਿ ਦਿੱਲੀ ‘ਚ ਮੁੱਖ ਮੰਤਰੀ ਦਾ ਚਿਹਰਾ ਨਾ ਦੱਸਣਾ ਪਾਰਟੀ ਨੂੰ ਭਾਰੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀ.ਐੱਮ. ਦਾ ਚਿਹਰਾ ਨਾ ਦੇਣ ਕਾਰਣ ਹੋ ਸਕਦਾ ਹੈ ਕਿ ਪਾਰਟੀ ਨੂੰ ਕੁਝ ਨੁਕਸਾਨ ਹੋਵੇ। ਅਜਿਹਾ ਨਹੀਂ ਕਿ ਸਾਡੇ ਕੋਲ ਚਿਹਰਿਆਂ ਦੀ ਕਮੀ ਹੈ ਪਰ ਅਸੀਂ ਇਸ ਸਬੰਧੀ ਇਕ ਫੈਸਲਾ ਲਿਆ ਸੀ। ਜੇ ਸਾਡਾ ਸੀ.ਐੱਮ. ਦਾ ਚਿਹਰਾ ਨਾ ਦੱਸਣ ਵਾਲਾ ਫੈਸਲਾ ਹਾਰ ਦਾ ਕਾਰਣ ਬਣਿਆ ਤਾਂ ਸਮੀਖਿਆ ਕਰਾਂਗੇ।
ਸੰਬਿਤ ਨੇ ਸਪੱਸ਼ਟ ਕੀਤਾ ਕਿ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਹਰਮਨਪਿਆਰੇ ਹਨ। ਲੋਕ ਸਭਾ ‘ਚ ਸਾਡੇ ਕੋਲ 56 ਫੀਸਦੀ ਵੋਟਾਂ ਹਨ, ਜੇ ਸਥਾਨਕ ਮੁੱਦਿਆਂ ਨੂੰ ਪ੍ਰਮੁੱਖਤਾ ਨਾ ਦੇਣ ਕਾਰਣ ਨੁਕਸਾਨ ਹੋਇਆ ਹੋਵੇਗਾ ਤਾਂ ਇਨ੍ਹਾਂ ਸਭ ਗੱਲਾਂ ਦੀ ਵੀ ਸਮੀਖਿਆ ਕੀਤੀ ਜਾਏਗੀ।
ਭਾਜਪਾ ਨੇ ਦਿੱਲੀ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ’ਤੇ ਹੀ ਲੜਨ ਦਾ ਫੈਸਲਾ ਕੀਤਾ ਸੀ। ਪਾਰਟੀ ਮੁਖੀ ਜੇ. ਪੀ. ਨੱਢਾ ਨੇ ਦਸੰਬਰ ‘ਚ ਕਿਹਾ ਸੀ ਕਿ ਮਨੋਜ ਤਿਵਾੜੀ ਸੀ.ਐੱਮ. ਦੇ ਉਮੀਦਵਾਰ ਹੋਣਗੇ ਪਰ ਬਾਅਦ ‘ਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਇਹ ਨਹੀਂ ਸੀ।