ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਦੂਜੀ ਵਾਰ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ‘ਚ ਅਸਤੀਫਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਹੁਣ ਦਿੱਲੀ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚੌਪੜਾ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੰਗਲਵਾਰ ਨੂੰ ਅਸਤੀਫਾ ਸੌਂਪ ਦਿੱਤਾ ਸੀ।
ਸ਼ੀਲਾ ਦੀਕਸ਼ਤ ਨੂੰ ਠਹਿਰਾਇਆ ਦੋਸ਼ੀ
ਦੱਸਣਯੋਗ ਹੈ ਕਿ ਦਿੱਲੀ ਚੋਣਾਂ ‘ਚ ਇਸ ਵਾਰ ਵੀ ਕਾਂਗਰਸ ਖਾਤਾ ਨਹੀਂ ਖੋਲ੍ਹ ਸਕੀ ਹੈ। ਦਿੱਲੀ ‘ਚ ਕਾਂਗਰਸ ਦੀ ਹਾਰ ਲਈ ਚਾਕੋ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਵੀ ਦੋਸ਼ੀ ਠਹਿਰਾਉਂਦੇ ਨਜ਼ਰ ਆਏ। ਚਾਕੋ ਨੇ ਕਿਹਾ,”ਕਾਂਗਰਸ ਪਾਰਟੀ ਦਾ ਡਾਊਨਫਾਲ 2013 ‘ਚ ਸ਼ੁਰੂ ਹੋਇਆ, ਜਦੋਂ ਸ਼ੀਲਾ ਜੀ ਮੁੱਖ ਮੰਤਰੀ ਸੀ। ਇਕ ਨਵੀਂ ਪਾਰਟੀ ‘ਆਪ’ ਨੇ ਪੂਰੇ ਕਾਂਗਰਸ ਵੋਟ ਬੈਂਕ ਨੂੰ ਖੋਹ ਲਿਆ। ਉਦੋਂ ਤੋਂ ਅਸੀਂ ਇਸ ਨੂੰ ਕਦੇ ਵਾਪਸ ਨਹੀਂ ਪਾ ਸਕੇ। ਇਹ ਹਾਲੇ ਵੀ ‘ਆਪ’ ਨਾਲ ਬਣਿਆ ਹੋਇਆ ਹੈ।
ਸ਼ੀਲਾ ਦੀ ਅਗਵਾਈ ‘ਚ ਕਾਂਗਰਸ ਨੇ 15 ਸਾਲ ਤੱਕ ਰਾਜ ਕੀਤਾ
ਦੱਸਣਯੋਗ ਹੈ ਕਿ ਕਦੇ ਦਿੱਲੀ ‘ਚ ਸ਼ੀਲਾ ਦੀਕਸ਼ਤ ਦੀ ਅਗਵਾਈ ‘ਚ ਲਗਾਤਾਰ 15 ਸਾਲ ਤੱਕ ਰਾਜ ਕਰਨ ਵਾਲੀ ਕਾਂਗਰਸ ਲਗਾਤਾਰ 2 ਵਿਧਾਨ ਸਭਾ ਚੋਣਾਂ ‘ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ। ਪਾਰਟੀ ਨੂੰ 5 ਫੀਸਦੀ ਤੋਂ ਵੀ ਘੱਟ ਵੋਟ ਮਿਲੇ ਹਨ। ਕਾਂਗਰਸ ਦੇ 66 ‘ਚੋਂ 53 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ।
ਸੁਭਾਸ਼ ਚੌਪੜਾ ਨੇ ਦਿੱਤਾ ਸੀ ਅਸਤੀਫ਼ਾ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੌਪੜਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੌਪੜਾ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ।