ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ 24 ਅਤੇ 25 ਫਰਵਰੀ ਨੂੰ ਭਾਰਤ ਦੀ ਯਾਤਰਾ ‘ਤੇ ਆਉਣ ਦੇ ਐਲਾਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੀ ਇਸ ਦੋਸਤੀ ਨਾਲ ਨਾ ਸਿਰਫ਼ ਸਾਡੇ ਨਾਗਰਿਕਾਂ ਸਗੋਂ ਪੂਰੀ ਦੁਨੀਆ ਦਾ ਕਲਿਆਣ ਹੋਵੇਗਾ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਅਮਰੀਕੀ ਰਾਸ਼ਟਰਪਤੀ ਸ਼੍ਰੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਦੀ ਯਾਤਰਾ ‘ਤੇ ਆ ਰਹੇ ਹਨ। ਭਾਰਤ ਆਪਣੇ ਇਨ੍ਹਾਂ ਖਾਸ ਮਹਿਮਾਨਾਂ ਦਾ ਯਾਦਗਾਰ ਸਵਾਗਤ ਕਰੇਗਾ। ਇਹ ਯਾਤਰਾ ਬਹੁਤ ਖਾਸ ਹੈ ਅਤੇ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਦੋਸਤੀ ਵਾਲੇ ਸੰਬੰਧਾਂ ਨੂੰ ਲੰਬੀ ਮਜ਼ਬੂਤੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਲੋਕਤੰਤਰ ਅਤੇ ਬਹੁਲਤਾਵਾਦ ਲਈ ਸਮਾਨ ਰੂਪ ਨਾਲ ਵਚਨਬੱਧ ਹਨ। ਸਾਡੇ ਦੋਵੇਂ ਦੇਸ਼ ਬਹੁਤ ਸਾਰੇ ਮੁੱਦਿਆਂ ‘ਤੇ ਵਿਆਪਕ ਅਤੇ ਡੂੰਘਾ ਸਹਿਯੋਗ ਕਰ ਰਹੇ ਹਨ। ਸਾਡੇ ਦਰਮਿਆਨ ਇਹ ਦੋਸਤੀ ਨਾ ਸਿਰਫ਼ ਸਾਡੇ ਨਾਗਰਿਕਾਂ ਸਗੋਂ ਪੂਰੇ ਵਿਸ਼ਵ ਦਾ ਕਲਿਆਣ ਕਰਨ ਵਾਲੀ ਹੈ।