ਅੰਮ੍ਰਿਤਸਰ : ਦੇਸ਼ ਦੀ ਰਾਜਧਾਨੀ ‘ਚ ਜਿਸ ਢੰਗ ਨਾਲ ਚੋਣਾਂ ਦੌਰਾਨ ਆਪਣੇ ਹੀ ਕੇਂਦਰੀ ਘਰ ਤੋਂ ਭਾਜਪਾ ਬੇਖਦਲ ਹੋਈ ਹੈ, ਸ਼ਾਇਦ ਪਹਿਲਾਂ ਕਿਸੇ ਵੀ ਕੇਂਦਰ ਸਰਕਾਰ ਦੇ ਨਾਲ ਅਜਿਹਾ ਨਾ ਹੋਇਆ ਹੋਵੇ। ਇਤਿਹਾਸ ਗਵਾਹ ਹੈ ਦਿੱਲੀ ਦੇ ਵੋਟਰਾਂ ਨੇ ਜਿੱਥੇ ਭਾਜਪਾ ਨੂੰ ਪੂਰਨ ਤੌਰ ‘ਤੇ ਨਾਕਾਰ ਦਿੱਤਾ ਹੈ, ਉਥੇ ਹੀ ਕਾਂਗਰਸ ਪਾਰਟੀ ਨੂੰ ਆਊਟ ਕਰ ਦਿੱਤਾ ਹੈ। ਦੂਸਰੇ ਪਾਸੇ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ‘ਸ਼੍ਰੋਮਣੀ ਅਕਾਲੀ ਦਲ ਬਾਦਲ ਨਾ ਘਰ ਦਾ ਰਿਹਾ ਨਾ ਘਾਟ ਦਾ।’ ਕਿਉਂਕਿ ਅਕਾਲੀ ਦਲ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਦੀ ਸੀਟ ਤੋਂ ਬਚਾਉਣ ਲਈ ਭਾਜਪਾ ਨੂੰ ਧੋਖੇ ‘ਚ ਰੱਖ ਕੇ ਦਿੱਲੀ ਚੋਣਾਂ ‘ਚ ਮਦਦ ਕਰਨ ਦਾ ਝੂਠਾ ਵਾਅਦਾ ਕੀਤਾ ਸੀ। ਚੋਣ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਅਕਾਲੀ ਦਲ ਨੇ ਇਸ ਵਾਰ ਭਾਜਪਾ ਦੀ ਨਹੀਂ, ਚੋਣਾਂ ‘ਚ ‘ਆਪ’ ਦੀ ਮਦਦ ਕੀਤੀ, ਜਿਸ ‘ਤੇ ਦਿੱਲੀ ਦੇ ਸਿੱਖ ਵੋਟਰਾਂ ਨੇ ‘ਆਪ’ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਇਹ ਗੱਲ ਪੰਜਾਬ ਦੀ ਸਿਆਸਤ ‘ਚ ਵਾਰ-ਵਾਰ ਉੱਠਦੀ ਰਹੀ ਹੈ ਕਿ ਪੰਜਾਬ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜੇਕਰ ਅਕਾਲੀ ਦਲ-ਭਾਜਪਾ ਦੇ ਬਿਨਾਂ ਲੜਦਾ ਹੈ ਤਾਂ ਤਾਜ਼ਾ ਰਾਜਨੀਤੀ ਤਹਿਤ ਭਾਜਪਾ ਵੱਧ ਸੀਟਾਂ ਹਾਸਲ ਕਰ ਸਕਦੀ ਹੈ ਪਰ ਕੇਂਦਰ ‘ਚ ਭਾਜਪਾ ਦੇ ਜੁਝਾਰੂ ਲੀਡਰਾਂ ਨੇ ਅਕਾਲੀ ਦਲ ਨੂੰ ਨਾਲ ਲੈ ਕੇ ਰਣਨੀਤੀ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਭਾਜਪਾ ‘ਚ ਅਕਾਲੀ ਦਲ ਦੇ ਨਾਲ ਭਾਜਪਾ ਨੂੰ ਵੀ ਲੈ ਡੁੱਬੇਗਾ।
ਮੌਜੂਦਾ ਸਥਿਤੀ ਦੇ ਅਨੁਸਾਰ ਕੇਂਦਰੀ ਭਾਜਪਾ ਲੀਡਰਾਂ ਨੂੰ ਹੁਣ ਇਹ ਸਮਝਣਾ ਹੋਵੇਗਾ ਕਿ ਦਿੱਲੀ ਦੀਆਂ ਚੋਣਾਂ ‘ਚ ਭਾਜਪਾ ਦੀ ਹਾਰ ‘ਚ ਅਕਾਲੀ ਦਲ ਦਾ ਅਹਿਮ ਰੋਲ ਹੈ ਜੋ ‘ਆਪ’ ਲਈ ਵਰਦਾਨ ਸਾਬਿਤ ਹੋਇਆ ਹੈ। ਜਿੱਥੋਂ ਤੱਕ ਪੰਜਾਬ ਦੀ ਰਾਜਨੀਤੀ ‘ਚ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਪੱਧਰ ਹੈ, ਤਿੰਨਾਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਹੁਣ ਹਰਾਉਣ ਦਾ ਮਨ ਬਣਾ ਲਿਆ ਹੈ, ਉਥੇ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਜੇਕਰ ‘ਆਪ’ ਪੰਜਾਬ ‘ਚ ਵਿਧਾਨ ਸਭਾ ਦੇ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਜੜ੍ਹ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਵਿਚ ਪਹਿਲਕਦਮੀ ਕਰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਵੋਟਰਾਂ ਵਾਂਗ ‘ਆਪ’ ਦੀ ਜਿੱਤ ਨਾਲ ਰਾਹਤ ਮਿਲ ਸਕਦੀ ਹੈ।