ਸ਼੍ਰੀਨਗਰ— ਧਾਰਾ 370 ਹਟਾਏ ਜਾਣ ਤੋਂ ਬਾਅਦ ਵਿਦੇਸ਼ੀ ਡਿਪਲੋਮੈਟ ਦਾ ਵਫ਼ਦ ਘਾਟੀ ‘ਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਬੁੱਧਵਾਰ ਨੂੰ ਸ਼੍ਰੀਨਗਰ ਪੁੱਜਿਆ। ਇਸ ‘ਚ ਵੱਖ-ਵੱਖ ਦੇਸ਼ਾਂ ਦੇ 25 ਡਿਪਲੋਮੈਟ ਹਨ। ਇਹ ਦਲ ਬੁੱਧਵਾਰ ਸਵੇਰੇ 11 ਵਜੇ ਸ਼੍ਰੀਨਗਰ ਪੁੱਜਿਆ। ਦਲ ਨੇ ਪਹਿਲਾਂ ਡਲ ਝੀਲ ‘ਚ ਸ਼ਿਕਾਰਾ ‘ਤੇ ਸੈਰ ਕੀਤੀ। ਇਸ ਤੋਂ ਬਾਅਦ ਇੱਥੋਂ ਦਲ ‘ਚ ਸ਼ਾਮਲ ਮੈਂਬਰ ਬਾਰਾਮੂਲਾ ਜਾਣਗੇ। ਉੱਥੋਂ ਆ ਕੇ ਸ਼੍ਰੀਨਗਰ ‘ਚ ਸਿਵਲ ਸੋਸਾਇਟੀ, ਕਾਰੋਬਾਰੀਆਂ ਸਮੇਤ ਵੱਖ-ਵੱਖ ਵਫ਼ਦਾਂ ਨਾਲ ਮੁਲਾਕਾਤ ਅਤੇ ਗੱਲਬਾਤ ਕਰ ਕੇ 5 ਅਗਸਤ ਤੋਂ ਬਾਅਦ ਪੈਦਾ ਸਥਿਤੀ ਦੀ ਜਾਣਕਾਰੀ ਹਾਸਲ ਕਰਨਗੇ।
ਦਲ ‘ਚ ਯੂਰਪੀ ਸੰਘ ਅਤੇ ਖਾੜੀ ਦੇਸ਼ਾਂ ਦੇ ਡਿਪਲੋਮੈਟ ਸ਼ਾਮਲ ਹਨ। ਭਾਰਤ ‘ਚ ਅਮਰੀਕਾ ਦੇ ਰਾਜਦੂਤ ਕੀਨੇਥ ਆਈ ਜਸਟਰ ਸਮੇਤ 15 ਡਿਪਲੋਮੈਟ ਦੇ ਇਕ ਦਲ ਨੇ 9-10 ਜਨਵਰੀ ਨੂੰ ਜੰਮੂ ਅਤੇ ਸ਼੍ਰੀਨਗਰ ਦਾ 2 ਦਿਨਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਦਸੰਬਰ ‘ਚ ਯੂਰਪੀ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਵੀ ਘਾਟੀ ਦਾ ਦੌਰਾ ਕਰ ਕੇ ਇੱਥੋਂ ਦੇ ਹਾਲਾਤ ਜਾਣੇ ਸਨ।