ਵੈਲਿੰਗਟਨ – ਨਿਊ ਜ਼ੀਲੈਂਡ ਨੇ ਭਾਰਤ ਨੂੰ ਤੀਜੇ ਵਨ-ਡੇ ‘ਚ 5 ਵਿਕਟਾਂ ਨਾਲ ਹਰਾ ਦਿੱਤਾ ਅਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਦਿੱਤੀ। ਭਾਰਤ ਵਲੋਂ ਜਿੱਤ ਲਈ ਮਿਲੇ 297 ਦੌੜਾਂ ਦੇ ਟੀਚੇ ਦੇ ਜਵਾਬ ‘ਚ ਕਿਵੀ ਟੀਮ ਨੇ 47.1 ਓਵਰਾਂ ‘ਚ ਹੀ 5 ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ। ਇਸ ਦੇ ਨਾਲ ਹੀ ਨਿਊ ਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ ਨੇ ਭਾਰਤ ਖ਼ਿਲਾਫ਼ ਇਸ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ।
ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਕੀਵੀ ਓਪਨਰ
ਇਸ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਗਪਟਿਲ ਨੇ ਆਪਣੀ ਪਾਰੀ ਦੌਰਾਨ 66 ਦੌੜਾਂ ਬਣਾਈਆਂ ਅਤੇ ਨਿਊ ਜ਼ੀਲੈਂਡ ਵਲੋਂ ਬਤੌਰ ਸਲਾਮੀ ਬੱਲੇਬਾਜ਼ ਵਨ-ਡੇ ਮੁਕਾਬਲਿਆਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ ‘ਚ ਉਸ ਨੇ ਸਾਬਕਾ ਖਿਡਾਰੀ ਨੇਥਨ ਐਸਟਲ ਨੂੰ ਪਿੱਛੇ ਛੱਡ ਦਿੱਤਾ। ਇਸ ਸ਼ਾਨਦਾਰ ਪਾਰੀ ਤੋਂ ਬਾਅਦ ਗਪਟਿਲ ਦੇ ਵਨ-ਡੇ ਕ੍ਰਿਕਟ ‘ਚ 182 ਮੈਚਾਂ ‘ਚ 6,803 ਦੌੜਾਂ ਹੋ ਗਈਆਂ ਹਨ ਜਦ ਕਿ ਉਨ੍ਹਾਂ ਨੇ 160 ਮੈਚਾਂ ‘ਚ ਓਪਨਿੰਗ ਕਰਦੇ ਹੋਏ 6, 178 ਦੌੜਾਂ ਬਣਾਈਆਂ ਹਨ।
ਨਿਊ ਜ਼ੀਲੈਂਡ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕੀਵੀ ਸਲਾਮੀ ਬੱਲੇਬਾਜ਼
ਮਾਰਟਿਨ ਗੁਪਟਿਲ – 6, 178
ਨੇਥਨ ਐਸਟਲ – 6, 176
ਜਾਨ ਰਾਈਟ – 3, 604
ਬਰੈਂਡਨ ਮੈਕੁਲਮ – 3, 363
ਸਟੀਫ਼ਨ ਫ਼ਲੇਮਿੰਗ – 3, 280
ਵਨ-ਡੇ ਕਰੀਅਰ ਦਾ 37ਵਾਂ ਅਰਧ ਸੈਂਕੜਾ
ਭਾਰਤ ਖਿਲਾਫ਼ ਤੀਜੇ ਵਨ-ਡੇ ਮੈਚ ‘ਚ ਮਾਰਟਿਨ ਗਪਟਿਲ 46 ਗੇਂਦਾਂ ‘ਚ ਛੇ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾ ਕੇ ਆਊਟ ਹੋਇਆ। ਗੁਪਟਿਲ ਨੇ 29 ਗੇਂਦਾਂ ‘ਚ ਵਨ ਡੇ ਕਰੀਅਰ ਦਾ 37ਵਾਂ ਅਰਧ ਸੈਂਕੜਾ ਵੀ ਲਾਇਆ।