ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚਾਂ ਨੂੰ ਲੈ ਕੇ ਦਰਸ਼ਕਾਂ ਵਿੱਚ ਵੱਖ ਹੀ ਪੱਧਰ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਪਰ ਖ਼ਰਾਬ ਸਿਆਸੀ ਰਿਸ਼ਤਿਆਂ ਵਿਚਾਲੇ ਲੰਬੇ ਸਮੇਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਗਈ। ਭਾਰਤ-ਪਾਕਿਸਤਾਨ ਦੀਆਂ ਟੀਮਾਂ ICC ਈਵੈਂਟਸ ਵਿੱਚ ਹੀ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਹਨ। ਹੁਣ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਅਤੇ ਸਾਬਕਾ ਪਾਕਿ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨੇ ਭਾਰਤ ਬਨਾਮ ਪਾਕਿਸਤਾਨ ਦੋ-ਪੱਖੀ ਸੀਰੀਜ਼ ‘ਤੇ ਆਪਣੀ ਰਾਏ ਰੱਖੀ ਹੈ। ਪਾਕਿਸਤਾਨ ਕ੍ਰਿਕਟ ਟੀਮ 2012-13 ਵਿੱਚ ਆਖਰੀ ਵਾਰ ਭਾਰਤ ਦੌਰੇ ‘ਤੇ ਆਈ ਸੀ, ਪਰ ਉਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਖ਼ਰਾਬ ਰਿਸ਼ਤਿਆਂ ਕਾਰਨ ਦੋ-ਪੱਖੀ ਸੀਰੀਜ਼ ਖ਼ਤਮ ਹੋ ਗਈ।
ਭਾਰਤ-ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ ‘ਤੇ ਯੁਵਰਾਜ ਸਿੰਘ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ, ”ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਤਾਂ 2003 ਵਿੱਚ ਵਰਲਡ ਕੱਪ ਵਿੱਚ ਮੈਂ ਪਹਿਲੀ ਵਾਰ ਪਾਕਿਸਤਾਨ ਖ਼ਿਲਾਫ਼ ਖੇਡਿਆ। ਉਸ ਵਕਤ ਉਤਸ਼ਾਹ ਦਾ ਪੱਧਰ ਕੁੱਝ ਵੱਖਰਾ ਹੀ ਸੀ। 2004, 2006, 2008 ਵਿੱਚ ਟੀਮ ਇੰਡੀਆ ਪਾਕਿਸਤਾਨ ਗਈ। ਫ਼ਿਰ ਪਾਕਿਸਤਾਨ ਭਾਰਤ ਆਇਆ। ਉਸ ਦੌਰਾਨ ਲਾਜਵਾਬ ਮੁਕਾਬਲੇ ਖੇਡੇ ਗਏ। ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਦੀ ਜੰਗ ਦਾ ਕੋਈ ਸਾਨੀ ਨਹੀਂ। ਜੇਕਰ ਦੋਹਾਂ ਦੇਸ਼ਾਂ ਵਿਚਾਲੇ ਕ੍ਰਿਕਟ ਖੇਡਿਆ ਜਾਂਦਾ ਹੈ ਤਾਂ ਬਹੁਤ ਮਜ਼ਾ ਆਵੇਗਾ। ਅਸੀਂ ਕ੍ਰਿਕਟ ਤੋਂ ਮਿਲਣ ਵਾਲੇ ਪਿਆਰ ਲਈ ਖੇਡਦੇ ਹਾਂ। ਅਸੀਂ ਖ਼ੁਦ ਦੇ ਖ਼ਿਲਾਫ਼ ਖੇਡਣ ਲਈ ਦੇਸ਼ ਚੁਣ ਤਾਂ ਨਹੀਂ ਸਕਦੇ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਭਾਰਤ-ਪਾਕਿਸਤਾਨ ਦਰਮਿਆਨ ਜਿੰਨਾ ਵੱਧ ਕ੍ਰਿਕਟ ਖੇਡਿਆ ਜਾਵੇਗਾ, ਖੇਡ ਲਈ ਇਹ ਓਨਾ ਹੀ ਚੰਗਾ ਹੈ।”
ਉੱਥੇ ਪਾਕਿਸਤਾਨ ਦੇ ਸਾਬਕਾ ਧਾਕੜ ਆਲਰਾਊਂਡਰ ਸ਼ਾਹਿਦ ਅਫ਼ਰੀਦੀ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਮੈਨੂੰ ਲਗਦੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਰੀਜ਼ ਹੁੰਦੀ ਹੈ ਤਾਂ ਇਹ ਐਸ਼ੇਜ਼ ਤੋਂ ਕੁੱਝ ਵੱਡੀ ਹੋਵੇਗੀ। ਹਾਲਾਂਕਿ ਅਜੇ ਨੇੜਲੇ ਭਵਿੱਖ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਜਾ ਰਹੀ। ਮੈਨੂੰ ਲਗਦਾ ਹੈ ਕਿ ਹੁਣ ਸਾਨੂੰ ਟੇਬਲ ‘ਤੇ ਇੱਕ-ਦੂਜੇ ਦੇ ਨਾਲ ਬੈਠ ਕੇ ਗੱਲ ਕਰਨ ਦੀ ਜ਼ਰੂਰਤ ਹੈ।”