ਨਵੀਂ ਦਿੱਲੀ – ਦੁਨੀਆ ਦਾ ਨੰਬਰ ਇੱਕ ਵਨ-ਡੇ ਗੇਂਦਬਾਜ਼ ਭਾਰਤ ਦਾ ਜਸਪ੍ਰੀਤ ਬੁਮਰਾਹ ਆਪਣੇ ਸ਼ਾਨਦਾਰ ਕਰੀਅਰ ‘ਚ ਪਹਿਲੀ ਵਾਰ ਕਿਸੇ ਸੀਰੀਜ਼ ‘ਚ ਖ਼ਾਲੀ ਹੱਥ ਰਿਹਾ ਹੈ। ਬੁਮਰਾਹ ਨਿਊ ਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ‘ਚ ਕੋਈ ਵੀ ਵਿਕਟ ਹਾਸਿਲ ਨਹੀਂ ਕਰ ਸਕਿਆ। ਇਸ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਛੇ ਮੈਚਾਂ ‘ਚ ਉਹ ਪੰਜ ਮੈਚਾਂ ‘ਚ ਵਿਕਟ ਹਾਸਿਲ ਕਰਨ ਦੇ ਲਿਹਾਜ਼ ਨਾਲ ਖ਼ਾਲੀ ਹੱਥ ਰਿਹਾ।
ਨਿਊ ਜ਼ੀਲੈਂਡ ਵਿਰੁੱਧ ਸੀਰੀਜ਼ ‘ਚ ਬੁਮਰਾਹ ਨੇ ਹੈਮਿਲਟਨ ‘ਚ 10 ਓਵਰਾਂ ‘ਚ 53, ਔਕਲੈਂਡ ‘ਚ 10 ਓਵਰਾਂ ‘ਚ 64 ਅਤੇ ਮਾਊਟ ਮੋਂਗਾਨੁਈ ‘ਚ 10 ਓਵਰਾਂ ‘ਚ 50 ਦੌੜਾਂ ‘ਤੇ ਕੋਈ ਵਿਕਟ ਹਾਸਿਲ ਨਹੀਂ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ ਜਨਵਰੀ ‘ਚ ਬੈਂਗਲੁਰੂ ‘ਚ ਬੁਮਰਾਹ ਨੂੰ 10 ਓਵਰਾਂ ‘ਚ 38 ਦੌੜਾਂ ‘ਤੇ ਕੋਈ ਵਿਕਟ ਨਹੀਂ ਸੀ ਮਿਲੀ। ਆਸਟਰੇਲੀਆ ਵਿਰੁੱਧ ਰਾਜਕੋਟ ਦੇ ਦੂਜੇ ਵਨ-ਡੇ ‘ਚ ਬੁਮਰਾਹ ਨੂੰ 32 ਦੌੜਾਂ ‘ਤੇ ਇੱਕ ਵਿਕਟ ਮਿਲਿਆ ਸੀ ਜਦਕਿ ਮੁੰਬਈ ਦੇ ਪਹਿਲੇ ਵਨ-ਡੇ ‘ਚ 50 ਦੌੜਾਂ ‘ਤੇ ਕੋਈ ਵਿਕਟ ਹਾਸਿਲ ਨਹੀਂ ਸੀ ਕੀਤੀ ਸੀ। ਇਸ ਤਰ੍ਹਾਂ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਨੇ ਪਿਛਲੀਆਂ ਦੋ ਸੀਰੀਜ਼ ‘ਚ ਛੇ ਮੈਚਾਂ ‘ਚ ਸਿਰਫ਼ ਇੱਕ ਵਿਕਟ ਹੀ ਹਾਸਿਲ ਕੀਤੀ ਹੈ।
ਆਸਟਰੇਲੀਆ ਵਿਰੁੱਧ ਸੀਰੀਜ਼ ‘ਚ ਬੁਮਰਾਹ ਨੇ ਪਿੱਠ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕੀਤੀ ਸੀ। ਉਸ ਨੇ ਨਿਊ ਜ਼ੀਲੈਂਡ ਵਿਰੁੱਧ ਪਿਛਲੇ ਸਾਲ ਵਨ-ਡੇ ਵਿਸ਼ਵ ਕੱਪ ਦੇ ਸੈਮੀਫ਼ਾਈਨਲ ‘ਚ 39 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਇਸ ਤਰ੍ਹਾਂ ਪਿਛਲੇ ਸੱਤ ਵਨ-ਡੇ ਮੈਚਾਂ ‘ਚ ਉਸ ਦੇ ਹਿੱਸੇ ‘ਚ ਸਿਰਫ਼ ਦੋ ਵਿਕਟਾਂ ਆਈਆਂ ਹਨ।
ਆਪਣੇ ਕਰੀਅਰ ‘ਤ 64 ਮੈਚਾਂ ‘ਚ 104 ਵਿਕਟਾਂ ਹਾਸਿਲ ਕਰਨ ਵਾਲੇ ਬੁਮਰਾਹ ਦੀ ਨਿਰਾਸ਼ਾਜਨਕ ਗੇਂਦਬਾਜ਼ੀ ਦਾ ਭਾਰਤ ਨੂੰ ਨੁਕਸਾਨ ਝਲਣਾ ਪਿਆ ਅਤੇ ਇਸ ਦਾ ਫ਼ਾਇਦਾ ਚੁੱਕ ਨਿਊ ਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਤਿੰਨ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਊ ਜ਼ੀਲੈਂਡ ਨੇ ਪਹਿਲੇ ਮੈਚ ‘ਚ ਭਾਰਤ ਦੇ 347 ਦੇ ਸਕੋਰ ਨੂੰ ਪਾਰ ਕੀਤਾ, ਦੂਜੇ ਮੈਚ ‘ਚ 273 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਅਤੇ ਤੀਜੇ ਮੈਚ ‘ਚ ਭਾਰਤ ਦੇ 296 ਦੇ ਸਕੋਰ ਨੂੰ ਵੀ ਪਾਰ ਕੀਤਾ।