ਨਵੀਂ ਦਿੱਲੀ— ਗਾਰਗੀ ਕਾਲਜ ਛੇੜਛਾੜ ਮਾਮਲੇ ‘ਚ ਗ੍ਰਿਫਤਾਰ 10 ਦੋਸ਼ੀਆਂ ਨੂੰ ਸਾਕੇਤ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਦੇ ਮੁਚਲਕੇ ‘ਤੇ ਛੱਡਿਆ ਹੈ। ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। 6 ਫਰਵਰੀ ਨੂੰ ਗਾਰਗੀ ਕਾਲਜ ‘ਚ ਫੈਸਟ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ‘ਚ ਇਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਦੱਸਣਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ‘ਚ ਸਾਲਾਨਾ ਸਮਾਰੋਹ ਦੌਰਾਨ ਬਾਹਰੀ ਵਿਦਿਆਰਥੀਆਂ ਨੇ ਦਾਖਲ ਕੇ ਵਿਦਿਆਰਥਣਾਂ ਨਾਲ ਛੇੜਥਾੜ ਕੀਤੀ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ 9 ਫਰਵਰੀ (ਸੋਮਵਾਰ) ਨੂੰ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਪ੍ਰਦਰਸ਼ਨ ਕੀਤਾ ਸੀ ਅਤੇ ਹੌਜਖਾਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਡੀ.ਸੀ.ਪੀ. ਠਾਕੁਰ ਨੇ ਦੱਸਿਆ ਕਿ ਹੌਜਖਾਸ ਪੁਲਸ ਥਾਣੇ ‘ਚ ਦਰਜ ਕਰਵਾਏ ਗਏ ਮਾਮਲੇ ‘ਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ‘ਚ 11 ਤੋਂ ਵਧ ਟੀਮਾਂ ਕੰਮ ਕਰ ਰਹੀਆਂ ਹਨ। ਜੋ ਵੀ ਟੈਕਨੀਕਲ ਡੀਟੇਲਜ਼ ਉੁਪਲੱਬਧ ਹਨ, ਉਨ੍ਹਾਂ ਨੂੰ ਦੇਖਿਆ ਜਾ ਰਿਹਾ ਹੈ। ਪੁਲਸ ਦੀ ਟੀਮ ਸ਼ੱਕੀਆਂ ਦੀ ਪਛਾਣ ਲਈ ਐੱਨ.ਸੀ.ਆਰ. ਦੇ ਵੱਖ-ਵੱਖ ਸ਼ਹਿਰਾਂ ‘ਚ ਜਾ ਰਹੀ ਹੈ। ਜਾਂਚ ਟੀਮ ਨੇ ਗਾਰਗੀ ਕਾਲਜ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ।
ਪੁਲਸ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੈ। ਇਹ ਐੱਨ.ਸੀ.ਆਰ. ਦੀ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿਦਿਆਰਥੀ ਹਨ। ਸੀ.ਸੀ.ਟੀ.ਵੀ. ਤੋਂ ਪਤਾ ਲੱਗਦਾ ਹੈ ਕਿ ਇਹ ਸਾਰੇ ਕਾਲਜ ‘ਚ ਜ਼ਬਰਦਸਤੀ ਦਾਖਲ ਅਤੇ ਕਾਲਜ ਦੇ ਗੇਟ ਨੂੰ ਤੋੜ ਦਿੱਤਾ। ਦੱਸਣਯੋਗ ਹੈ ਕਿ ਵਿਦਿਆਰਥਣਾਂ ਨੇ ਹੌਜਖਾਸ ਪੁਲਸ ਥਾਣੇ ‘ਚ ਆਈ.ਪੀ.ਸੀ. ਦੇ ਸੈਕਟਰ452, 354, 509 ਅਤੇ 34 ਦੇ ਅਧੀਨ ਕੇਸ ਦਰਜ ਕਰਵਾਇਆ ਸੀ। ਪੁਲਸ ਦਾ ਕਹਿਣਾ ਹੈ ਕਿ ਕਈ ਸਾਰੇ ਲੋਕਾਂ ਤੋਂ ਘਟਨਾ ਦੇ ਸੰਬੰਧ ‘ਚ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਸ਼ੱਕੀਆਂ ਦੀ ਪਛਾਣ ਵੀ ਕਰ ਲਈ ਗਈ ਹੈ। ਜਾਂਚ ਟੀਮਾਂ ਲਗਾਤਾਰ ਕਾਲਜ ਪ੍ਰਸ਼ਾਸਨ ਦੇ ਸੰਪਰਕ ‘ਚ ਹੈ ਅਤੇ ਜਾਂਚ ਜਾਰੀ ਹੈ।