ਅਹਿਮਦਾਬਾਦ— ਗੁਜਰਾਤ ਦੇ ਕਾਂਗਰਸ ਨੇਤਾ ਅਤੇ ਪਾਟੀਦਾਰ ਭਾਈਚਾਰੇ ਦੇ ਨੇਤਾ ਹਾਰਦਿਕ ਪਟੇਲ ਦੀ ਪਤਨੀ ਕਿੰਜਲ ਪਟੇਲ ਨੇ ਵੱਡਾ ਦੋਸ਼ ਲਗਾਇਆ ਹੈ। ਕਿੰਜਲ ਦਾ ਦੋਸ਼ ਹੈ ਕਿ ਲਗਭਗ 20 ਦਿਨਾਂ ਤੋਂ ਹਾਰਦਿਕ ਪਟੇਲ ਦਾ ਕੁਝ ਪਤਾ ਨਹੀਂ ਲੱਗ ਪਾ ਰਿਹਾ ਹੈ। ਦੇਸ਼ਧ੍ਰੋਹ ਦੇ ਕੇਸ ‘ਚ ਹਾਰਦਿਕ ਨੂੰ 18 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਾਅਵਾ ਹੈ ਕਿ ਪੁਲਸ ਵਾਰ-ਵਾਰ ਆ ਕੇ ਉਨ੍ਹਾਂ ਤੋਂ ਹਾਰਦਿਕ ਬਾਰੇ ਪੁੱਛ ਕੇ ਪਰੇਸ਼ਾਨ ਕਰ ਰਹੀ ਹੈ ਕਿ ਉਹ ਕਿੱਥੇ ਹਨ।
ਕਿੰਜਲ ਨੇ ਕਿਹਾ ਕਿ ਮੇਰੇ ਪਤੀ ਲਗਭਗ 20 ਦਿਨਾਂ ਤੋਂ ਲਾਪਤਾ ਹਨ। ਸਾਨੂੰ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਿੰਜਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਦੱਸ ਰਹੀ ਹੈ ਕਿ ਹਾਰਦਿਕ ਪਟੇਲ ਪਿਛਲੇ 20 ਦਿਨਾਂ ਤੋਂ ਲਾਪਤਾ ਹਨ ਅਤੇ ਉਹ ਕਿੱਥੇ ਹਨ ਸਾਨੂੰ ਕੁਝ ਨਹੀਂ ਪਤਾ। ਹਾਰਦਿਕ ਦੇ ਗਾਇਬ ਹੋਣ ਨਾਲ ਉਸ ਦੇ ਪਰਿਵਾਰ ਅਤੇ ਸਮਰਥਕਾਂ ‘ਚ ਕਾਫ਼ੀ ਗੁੱਸਾ ਹੈ।
ਹਾਰਦਿਕ ਦੀ ਪਤਨੀ ਨੇ ਕਿਹਾ ਕਿ 2017 ‘ਚ ਇਹ ਸਰਕਾਰ ਕਹਿ ਰਹੀ ਸੀ ਕਿ ਪਾਟੀਦਾਰਾਂ ‘ਤੇ ਸਾਰੇ ਮਾਮਲਾ ਵਾਪਸ ਲੈ ਲਏ ਜਾਣਗੇ, ਫਿਰ ਗੁਜਰਾਤ ਪ੍ਰਸ਼ਾਸਨ ਹਾਰਦਿਕ ਨੂੰ ਇਕੱਲੇ ਕਿਉਂ ਨਿਸ਼ਾਨਾ ਬਣਾ ਰਿਹਾ ਹੈ। ਹਾਰਦਿਕ ਪਟੇਲ ਨੂੰ ਲੋਕਾਂ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ।