ਸ਼੍ਰੀਨਗਰ — ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਆਈ. ਏ. ਐੱਸ. ਅਧਿਕਾਰੀ ਸ਼ਾਹ ਫੈਸਲ ਵਿਰੁੱਧ ਜਨ ਸੁਰੱਖਿਆ ਕਾਨੂੰਨ (ਪੀ. ਏ. ਐੱਸ.) ਤਹਿਤ ਮਾਮਲਾ ਦਰਜ ਕੀਤਾ ਹੈ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਸ਼ਾਹ ਫੈਸਲ ਨੂੰ ਪਿਛਲੇ ਸਾਲ 14 ਅਗਸਤ ਨੂੰ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀ. ਆਰ. ਪੀ. ਸੀ.) ਦੀ ਧਾਰਾ-107 ਤਹਿਤ ਹਿਰਾਸਤ ‘ਚ ਲਿਆ ਗਿਆ ਸੀ। ਬਾਅਦ ‘ਚ ਉਨ੍ਹਾਂ ਨੂੰ ਐੱਮ. ਐੱਲ. ਏ. ਹੋਸਟਲ ਵਿਚ ਰੱਖਿਆ ਗਿਆ ਸੀ। ਆਈ. ਏ. ਐੱਸ. ਦੀ ਨੌਕਰੀ ਛੱਡ ਕੇ ਸਿਆਸਤ ਵਿਚ ਆਉਣ ਵਾਲੇ ਫੈਸਲ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ ਦੇ ਪ੍ਰਧਾਨ ਹਨ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ- ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਦੀ ‘ਸਾਵਧਾਨੀ ਨਜ਼ਰਬੰਦੀ’ ਦੀ ਮਿਆਦ ਖਤਮ ਹੋਣ ਦੇ ਮਹਿਜ ਕੁਝ ਹੀ ਘੰਟੇ ਪਹਿਲਾਂ 6 ਫਰਵਰੀ ਦੀ ਰਾਤ ਨੂੰ ਦੋਹਾਂ ਨੇਤਾਵਾਂ ਵਿਰੁੱਧ ਪੀ. ਐੱਸ. ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੀ. ਐੱਸ. ਏ. ਤਹਿਤ ਦੋ ਵਿਵਸਥਾਵਾਂ ਹਨ— ਲੋਕ ਵਿਵਸਥਾ ਅਤੇ ਸੂਬੇ ਦੀ ਸੁਰੱਖਿਆ ਨੂੰ ਖਤਰਾ। ਪਹਿਲੀ ਵਿਵਸਥਾ ਤਹਿਤ ਕਿਸੇ ਵਿਅਕਤੀ ਨੂੰ ਬਿਨਾਂ ਮੁਕੱਦਮੇ ਦੇ 6 ਮਹੀਨੇ ਤਕ ਅਤੇ ਦੂਜੀ ਵਿਵਸਥਾ ਤਹਿਤ ਕਿਸੇ ਵਿਅਕਤੀ ਨੂੰ ਬਿਨਾਂ ਮੁਕੱਦਮੇ ਦੋ 2 ਸਾਲ ਤਕ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਫੈਸਲ ਨੂੰ ਪਿਛਲੇ ਸਾਲ 14 ਅਗਸਤ ਨੂੰ ਰਾਤ ਦੇ ਸਮੇਂ ਦਿੱਲੀ ਹਵਾਈ ਅੱਡੇ ‘ਤੇ ਇਸਤਾਂਬੁਲ ਲਈ ਉਡਾਣ ਭਰਨ ਤੋਂ ਪਹਿਲਾਂ ਰੋਕ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਸ਼੍ਰੀਨਗਰ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਗਿਆ।