ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਥਿਤ ਤੌਰ ‘ਤੇ ‘ਬਿੱਛੂ’ ਸੰਬੰਧੀ ਟਿੱਪਣੀ ਕਰਨ ਨੂੰ ਲੈ ਕੇ ਦਾਇਰ ਮਾਣਹਾਨੀ ਮਾਮਲੇ ਦੀ ਸੁਣਵਾਈ ‘ਚ ਹਾਜ਼ਰ ਨਾ ਹੋਣ ‘ਤੇ ਸ਼ਨੀਵਾਰ ਨੂੰ ਕਾਂਗਰਸ ਨੇਤਾ ਸ਼ਸ਼ੀ ਥਰੂਰ ‘ਤੇ 5 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ। ਮੈਜਿਸਟਰੇਟ ਵਿਸ਼ਾਲ ਪਾਹੁਜਾ ਨੇ ਤਿਰੁਅਨੰਤਪੁਰਮ ਤੋਂ ਲੋਕ ਸਭਾ ਮੈਂਬਰ ‘ਤੇ ਇਹ ਕਹਿੰਦੇ ਹੋਏ ਜ਼ੁਰਮਾਨਾ ਲਗਾਇਆ ਕਿ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਉਹ ਹਾਜ਼ਰ ਨਹੀਂ ਹੋਏ। ਕੋਰਟ ਦਿੱਲੀ ਭਾਜਪਾ ਦੇ ਨੇਤਾ ਰਾਜੀਵ ਬੱਬਰ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ‘ਤੇ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀਆਂ (ਸ਼ਿਕਾਇਤਕਰਤਾ ਦੀ) ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਬੱਬਰ ਨੇ ਸ਼ਿਕਾਇਤ ‘ਚ ਕਿਹਾ ਸੀ,”ਮੈਂ ਭਗਵਾਨ ਸ਼ਿਵ ਦਾ ਭਗਤ ਹਾਂ ਪਰ ਦੋਸ਼ੀ (ਥਰੂਰ) ਨੇ ਕਰੋੜਾਂ ਸ਼ਿਵ ਭਗਤਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਅਤੇ ਅਜਿਹਾ ਬਿਆਨ ਦਿੱਤਾ, ਜਿਸ ਨਾਲ ਦੇਸ਼-ਵਿਦੇਸ਼ ‘ਚ ਸ਼ਿਵ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।” ਸ਼ਿਕਾਇਤ ‘ਚ ਕਿਹਾ ਗਿਆ ਹੈ,”ਸ਼ਿਕਾਇਤਕਰਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਦੋਸ਼ੀ ਨੇ ਜਾਣ ਬੁੱਝ ਕੇ ਅਜਿਹਾ ਕੀਤਾ, ਉਸ ਦੀ ਮੰਸ਼ਾ ਸ਼ਿਵ ਭਗਤਾਂ ਦੇ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸੀ। ਉੱਥੇ ਹੀ ਥਰੂਰ ਨੇ ਦਾਅਵਾ ਕੀਤਾ ਸੀ ਕਿ ਇਕ ਅਣਪਛਾਤੇ ਆਰ.ਐੱਸ.ਐੱਸ. ਨੇਤਾ ਨੇ ਮੋਦੀ ਦੀ ਤੁਲਨਾ ਸ਼ਿਵਲਿੰਗ ‘ਤੇ ਬੈਠੇ ਇਕ ਬਿੱਛੂ ਨਾਲ ਕੀਤੀ ਸੀ।