ਨਵੀਂ ਦਿੱਲੀ — ਜੇਕਰ ਤੁਸੀਂ ਉਸ ਸੂਬੇ ‘ਚ ਰਹਿ ਰਹੇ ਹੋ, ਜਿਥੋਂ ਦੇ ਤੁਸੀਂ ਰਜਿਸਟਰਡ ਵੋਟਰ ਨਹੀਂ ਹੋ ਤਾਂ ਤੁਹਾਨੂੰ ਵੋਟਾਂ ਵਾਲੇ ਦਿਨ ਨਿਰਾਸ਼ ਨਹੀਂ ਹੋਣਾ ਪਵੇਗਾ ਕਿਉਂਕਿ ਚੋਣ ਕਮਿਸ਼ਨ ਅਜਿਹੇ ਵੋਟਰਾਂ ਨੂੰ ਈ-ਵੋਟਿੰਗ ਰਾਹੀਂ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨ ਦੀ ਸਹੂਲਤ ਦੇਣ ਦੇ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ। ਕਮਿਸ਼ਨ ਦੀ ਇਸ ਭਾਵੀ ਪਹਿਲ ਰਾਹੀਂ ਪੋਲਿੰਗ ਫੀਸਦੀ ਵਧਾਉਣ ਅਤੇ ਚੋਣ ਸੰਪੰਨ ਕਰਵਾਉਣ ਦੇ ਖਰਚ ‘ਚ ਕਮੀ ਆਉਣ ਦੀ ਵੀ ਸੰਭਾਵਨਾ ਹੈ।
ਕਮਿਸ਼ਨ ਇਸ ਦੇ ਲਈ ਈ-ਵੋਟਿੰਗ ਰਾਹੀਂ ਦੂਰ-ਦੁਰਾਡੇ ਵੋਟ ਪਾਉਣ (ਰਿਮੋਟ ਵੋਟਿੰਗ) ਦੀ ਸਹੂਲਤ ਮੁਹੱਈਆ ਕਰਵਾਉਣ ਦੇ ਬਦਲਾਂ ਨੂੰ ਵਿਕਸਿਤ ਕਰ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਹਾਲ ਹੀ ‘ਚ ਇਸ ਵਿਵਸਥਾ ਬਾਰੇ ਖੁਲਾਸਾ ਕੀਤਾ ਸੀ ਕਿ ਆਈ. ਆਈ. ਟੀ. ਚੇਨਈ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਜਾ ਰਹੀ ਵੋਟ ਪਾਉਣ ਦੀ ਇਸ ਤਕਨੀਕ ਦੇ ਤਹਿਤ ਕਿਸੇ ਵੀ ਸੂਬੇ ਵਿਚ ਰਜਿਸਟਰਡ ਵੋਟਰ ਕਿਸੇ ਹੋਰ ਸੂਬੇ ਤੋਂ ਵੋਟ ਪਾ ਸਕੇਗਾ। ਇਕ ਅਨੁਮਾਨ ਅਨੁਸਾਰ ਦੇਸ਼ ਵਿਚ ਲਗਭਗ 45 ਕਰੋੜ ਪ੍ਰਵਾਸੀ ਲੋਕ ਹਨ, ਜੋ ਰੋਜ਼ਗਾਰ ਆਦਿ ਦੇ ਕਾਰਨ ਆਪਣੇ ਮੂਲ ਨਿਵਾਸ ਸਥਾਨ ਤੋਂ ਕਿਤੇ ਹੋਰ ਨਿਵਾਸ ਕਰਦੇ ਹਨ। ਇਨ੍ਹਾਂ ‘ਚੋਂ ਕਈ ਵੋਟਰ ਵੱਖ-ਵੱਖ ਮਜ਼ਬੂਰੀਆਂ ਕਾਰਨ ਵੋਟਾਂ ਵਾਲੇ ਦਿਨ ਆਪਣੇ ਉਸ ਚੋਣ ਹਲਕੇ ਵਿਚ ਨਹੀਂ ਪਹੁੰਚ ਸਕਦੇ, ਜਿਥੋਂ ਦੇ ਉਹ ਰਜਿਸਟਰਡ ਵੋਟਰ ਹਨ।