ਤਲਵੰਡੀ ਸਾਬੋ : ਦਿੱਲੀ ਵਿਚ ਕੇਜਰੀਵਾਲ ਦੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਰਾਂ ਅਤੇ ਵਿਧਾਇਕਾਂ ਵਿਚ ਵੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦੇ ‘ਆਪ’ ਵਰਕਰਾਂ ਦੇ ਨਾਲ-ਨਾਲ ਵਿਧਾਇਕਾਂ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ‘ਆਪ’ ਵਿਧਾਇਕਾ ਬਲਜਿੰਦਰ ਕੋਰ ਨੇ ਵੀ ਪੰਜਾਬ ਵਿਚ 2022 ਦੀਆਂ ਚੋਣਾਂ ਵਿਚ ‘ਆਪ’ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਬਲਜਿੰਦਰ ਕੋਰ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਕੀਤੇ ਕੰਮਾਂ ਕਾਰਨ ਜਿੱਤੀ ਹੈ।
ਉਨ੍ਹਾਂ ਮੰਨਿਆ ਕਿ 2017 ਵਿਚ ਪਾਰਟੀ ਵਿਚ ਕਮੀਆਂ ਹੋਣ ਕਰਕੇ ਪੰਜਾਬ ਵਿਚ ਸਰਕਾਰ ਨਹੀਂ ਸੀ ਬਣ ਸਕੀ। ‘ਆਪ’ ਵਿਧਾਇਕਾ ਨੇ ਕਿਹਾ ਕਿ ਜੋ ਮੰਗਾਂ ਦਿੱਲੀ ਦੇ ਲੋਕਾਂ ਦੀਆਂ ਹਨ, ਓਹੀ ਮੰਗਾਂ ਪੰਜਾਬ ਦੇ ਲੋਕਾਂ ਦੀਆਂ ਵੀ ਹਨ ਅਤੇ ਆਮ ਆਦਮੀ ਪਾਰਟੀ ਹੀ ਇਨ੍ਹਾਂ ਮੰਗਾਂ ਨੂੰ ਪੂਰਾ ਕਰ ਸਕਦੀ ਹੈ। ਉਥੇ ਹੀ ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਵਿਚ ਵਾਪਸੀ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਮੁੜ ਪਾਰਟੀ ਵਿਚ ਲਿਆਉਣ ਬਾਰੇ ਅਜੇ ਕੋਈ ਵਿਚਾਰ ਚਰਚਾ ਨਹੀਂ ਚੱਲ ਰਹੀ ਹੈ, ਬਾਕੀ ਜੋ ਵੀ ਫੈਸਲਾ ਕਰਨਾ ਹੈ ਉਹ ਪਾਰਟੀ ਨੇ ਕਰਨਾ ਹੈ।