ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਭਾਵ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲਿਆ। ਦਿੱਲੀ ਸਕੱਤਰੇਤ ਵਿਚ ਉਨ੍ਹਾਂ ਦੇ ਕੈਬਨਿਟ ਦੇ ਮੈਂਬਰ ਮਨੀਸ਼ ਸਿਸੋਦੀਆ, ਸੱਤਿਯੇਂਦਰ ਜੈਨ, ਰਾਜਿੰਦਰ ਪਾਲ ਗੌਤਮ ਅਤੇ ਇਮਰਾਨ ਹੁਸੈਨ ਨੇ ਵੀ ਕਾਰਜਭਾਰ ਸੰਭਾਲਿਆ। ਕੈਬਨਿਟ ਦੇ ਦੋ ਹੋਰ ਮੈਂਬਰ ਕੈਲਾਸ਼ ਗਹਿਲੋਤ ਅਤੇ ਗੋਪਾਲ ਰਾਏ ਅੱਜ ਦਿਨ ਵਿਚ ਆਪਣਾ ਕਾਰਜਭਾਰ ਸੰਭਾਲਣਗੇ। ਨਵੇਂ ਕੈਬਨਿਟ ਦੀ ਬੈਠਕ ਵੀ ਛੇਤੀ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਐਤਵਾਰ ਭਾਵ ਕੱਲ ਦਿੱੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਤਿਹਾਸਕ ਰਾਮਲੀਲਾ ਮੈਦਾਨ ‘ਚ ਕੇਜਰੀਵਾਲ ਦੇ ਨਾਲ ਹੀ ਉਨ੍ਹਾਂ ਦੀ ਕੈਬਨਿਟ ਦੇ 6 ਮੰਤਰੀਆਂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉੱਪ ਰਾਜਪਾਲ ਅਨਿਲ ਬੈਜਲ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁੱਕਾਈ ਸੀ। ਇੱਥੇ ਦੱਸ ਦੇਈਏ ਕਿ ਇਸ ਵਾਰ ਵੀ ‘ਆਪ’ ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਪਾਰਟੀ ਨੂੰ ਵਿਧਾਨ ਸਭਾ ਦੀਆਂ 70 ਸੀਟਾਂ ‘ਚੋਂ 62 ਸੀਟਾਂ ਮਿਲੀਆਂ ਹਨ।