ਨਵੀਂ ਦਿੱਲੀ— ਦਿੱਲੀ ਦੇ ਨਵੇਂ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਰਾਜਧਾਨੀ ‘ਚ ਪ੍ਰਦੂਸ਼ਣ ਦੀ ਸਮੱਸਿਆ ‘ਤੇ ਕਾਰਜ ਯੋਜਨਾ ਬਣਾਉਣ ਲਈ 20 ਫਰਵਰੀ ਨੂੰ ਉੱਚ ਅਧਿਕਾਰੀਆਂ ਦੀ ਇਕ ਬੈਠਕ ਬੁਲਾਈ ਹੈ। ਰਾਏ ਨੇ ਕਿਹਾ ਕਿ ਪ੍ਰਦੂਸ਼ਣ ‘ਚ ਕਮੀ ਲਿਆਉਣਾ ਕੇਜਰੀਵਾਲ ਸਰਕਾਰ ਦੀ ਸਰਵਉੱਚ ਪਹਿਲ ਹੋਵੇਗੀ। ਇਕ ਅਧਿਕਾਰੀ ਨੇ ਕਿਹਾ ਕਿ ‘ਸਰਦੀਆਂ ਦੌਰਾਨ ਦਿੱਲੀ ‘ਚ ਪ੍ਰਦੂਸ਼ਣ ਕਿਵੇਂ ਘੱਟ ਕੀਤਾ ਜਾਵੇ’ ਇਸ ਵਿਸ਼ੇ ‘ਤੇ ਵਾਤਾਵਰਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਯੋਜਨਾ ਦਾ ਖਾਕਾ ਪੇਸ਼ ਕਰਨ ਲਈ ਕਿਹਾ ਗਿਆ ਹੈ।
ਅਧਿਕਾਰੀ ਨੇ ਕਿਹਾ,”ਸ਼ਹਿਰ ‘ਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਯੋਜਨਾ ਬਣਾਉਣ ਲਈ ਨਵੇਂ ਵਾਤਾਵਰਣ ਮੰਤਰੀ ਨੇ ਵੀਰਵਾਰ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ।” ਰਾਏ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਸੋਮਵਾਰ ਨੂੰ ਵਾਤਾਵਰਣ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਸੀ। ਦਿੱਲੀ ‘ਚ ਸਰਦੀਆਂ ਦੌਰਾਨ ਪ੍ਰਦੂਸ਼ਣ ਦੇ ਪੱਧਰ ‘ਤੇ ਰੋਕ ਲਗਾਉਣਾ ਰਾਏ ਲਈ ਚੁਣੌਤੀਪੂਰਨ ਹੋਵੇਗਾ। ਆਮ ਆਦਮੀ ਪਾਰਟੀ ਨੇ ਆਪਣੇ ਐਲਾਨ ਪੱਤਰ ‘ਗਾਰੰਟੀ ਕਾਰਡ’ ‘ਚ ਪ੍ਰਦੂਸ਼ਣ ਦਾ ਪੱਧਰ ਤਿੰਨ ਗੁਣਾ ਘੱਟ ਕਰਨ ਦਾ ਵਾਅਦਾ ਕੀਤਾ ਸੀ।