ਫਤਿਹਗੜ੍ਹ ਸਾਹਿਬ : ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਕੁਝ ਅਣਮਨੁੱਖੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟੋਟੇ-ਟੋਟੇ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਅਤੇ ਮਨਸੂਬਿਆਂ ਨੂੰ ਸਿੱਖ ਕੌਮ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉੱਤਰੀ ਭਾਰਤ ਦੇ ਪਹਿਲੇ ਖ਼ੁਦਮੁਖ਼ਤਿਆਰੀ ਮਾਤਾ ਗੁਜਰੀ ਕਾਲਜ ‘ਚ ਸਾਲਾਨਾ 52ਵੀਆਂ ਖੇਡਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਬਾਕਾਇਦਾ ਐਕਟ ਮੁਤਾਬਕ ਲੋਕਤੰਤਰੀ ਢੰਗ ਨਾਲ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਸਿੱਧੇ ਅਤੇ ਅਸਿੱਧੇ ਢੰਗ ਨਾਲ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲਅੰਦਾਜ਼ੀ ਕਰਦੀ ਆ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਹੁਣ ਕਾਂਗਰਸ ਪਾਰਟੀ ਵਲੋਂ ਹਰਿਆਣਾ ਰਾਜ ‘ਚ ਵੱਖਰੀ ਸ਼੍ਰੋਮਣੀ ਕਮੇਟੀ ਬਣਾਉਣ ਲਈ ਦਿੱਤੇ ਹਲਫਨਾਮੇ ਤੋਂ ਸਪੱਸ਼ਟ ਹੁੰਦੀ ਹੈ ਪਰ ਸਿੱਖ ਕੌਮ ਇਨ੍ਹਾਂ ਦੇ ਕੋਝੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ। ਇਸ ਮੌਕੇ ਡਾ. ਕਸ਼ਮੀਰ ਸਿੰਘ ਪ੍ਰਿੰ. ਮਾਤਾ ਗੁਜਰੀ ਕਾਲਜ, ਕਾਲਜ ਦੇ ਆਨਰੇਰੀ ਸਕੱਤਰ ਰਣਜੀਤ ਸਿੰਘ ਲਿਬੜਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਕਾਲਜ ਅਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਸਮੇਤ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।