ਨਵੀਂ ਦਿੱਲੀ – ਕ੍ਰਿਕਟ ਦੇ ਮੈਦਾਨ ‘ਚ ਰੋਜ਼ਾਨਾ ਰਿਕਾਰਡ ਬਣਦੇ ਹਨ ਅਤੇ ਪੁਰਾਣੇ ਟੁੱਟਦੇ ਹਨ, ਪਰ ਕੁੱਝ ਅਜਿਹੇ ਰਿਕਾਰਡ ਹੁੰਦੇ ਹਨ ਜੋ ਖਿਡਾਰੀ ਕਦੇ ਯਾਦ ਨਹੀਂ ਰੱਖਣਾ ਚਾਹੁੰਦਾ। ਅਜਿਹਾ ਹੀ ਇੱਕ ਅਣਚਾਹਿਆ ਰਿਕਾਰਡ ਤਾਮਿਲਨਾਡੂ ਦੇ ਖਿਡਾਰੀ ਟੀ. ਨਟਰਾਜਨ ਦੇ ਨਾਂ ਦਰਜ ਹੈ। ਉਹ ਪਿਛਲੀਆਂ 10 ਪਾਰੀਆਂ ਤੋਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਟੀ. ਨਟਰਾਜਨ ਪਹਿਲਾ ਅਜਿਹਾ ਭਾਰਤੀ ਹੈ ਜਿਸ ਨੇ ਲਗਾਤਾਰ 10 ਪਾਰੀਆਂ ਵਿੱਚ ਇੱਕ ਵੀ ਦੌੜ ਨਹੀਂ ਬਣਾਈ।
ਨਟਰਾਜਨ ਫ਼ਿਲਹਾਲ ਤਾਮਿਲਨਾਡੂ ਲਈ ਰਣਜੀ ਟਰੌਫ਼ੀ ਖੇਡ ਰਿਹਾ ਹੈ ਅਤੇ ਉਹ ਇਸ ਰਣਜੀ ਸੀਜ਼ਨ ਵਿੱਚ 7 ਪਾਰੀਆਂ ਵਿੱਚ ਅਜੇ ਤਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਹ ਹਰ ਪਾਰੀ ਵਿੱਚ ਜ਼ੀਰੋ ‘ਤੇ ਆਊਟ ਹੋਇਐ। ਨਟਰਾਜਨ ਨੇ ਆਖ਼ਰੀ ਦੌੜ 14 ਮਹੀਨੇ ਪਹਿਲਾਂ ਪੰਜਾਬ ਦੀ ਟੀਮ ਖ਼ਿਲਾਫ਼ ਬਣਾਈ ਸੀ। ਉਹ ਪੰਜਾਬ ਖ਼ਿਲਾਫ਼ ਮੈਚ ਵਿੱਚ ਇੱਕ ਦੌੜ ਦੇ ਨਿਜੀ ਸਕੋਰ ‘ਤੇ ਆਊਟ ਹੋ ਗਿਆ ਸੀ। ਨਟਰਾਜਨ ਦੇ ਨਾਂ ਪਿਛਲੀ 10 ਪਾਰੀਆਂ ਵਿੱਚ ਖਾਤਾ ਨਾ ਖੋਲ੍ਹ ਸਕਣ ਦਾ ਅਣਚਾਹਿਆ ਰਿਕਾਰਡ ਦਰਜ ਹੋ ਗਿਆ ਹੈ।
ਦੱਸ ਦਈਏ ਕਿ ਨਟਰਾਜਨ ਵੈਸੇ ਤਾਂ ਇੱਕ ਗੇਂਦਬਾਜ਼ ਹੈ, ਪਰ ਇਹ ਰਿਕਾਰਡ ਉਸ ਦੇ ਨਾਂ ਦਰਜ ਹੋ ਗਿਆ ਹੈ। ਇਸ ਮਾਮਲੇ ਵਿੱਚ ਟੀ. ਨਟਰਾਜਨ ਨੇ ਗੋਵਿੰਦਾਮੇਨਨ ਜੈ ਕੁਮਾਰ, ਪ੍ਰਸ਼ਾਂਤ ਪਰਮੇਸ਼ਰਨ, ਅੰਕਿਤ ਰਾਜਪੂਤ ਦਾ ਰਿਕਾਰਡ ਤੋੜ ਦਿੱਤਾ ਹੈ ਜਿਨ੍ਹਾਂ ਨੇ ਲਗਾਤਾਰ ਨੌਂ ਪਾਰੀਆਂ ਵਿੱਚ ਆਪਣਾ ਖਾਤਾ ਨਹੀਂ ਸੀ ਖੋਲ੍ਹਿਆ। ਟੀ. ਨਟਰਾਜਨ ਨੇ 2017 ਦੇ IPL ਵਿੱਚ ਸੁਰਖ਼ੀਆਂ ਬਟੋਰੀਆਂ ਸਨ। ਉਸ ਸਮੇਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਨਟਰਾਜਨ ਨੂੰ ਤਿੰਨ ਕਰੋੜ ਰੁਪਏ ਦੀ ਮੋਟੀ ਰਕਮ ਵਿੱਚ ਖ਼ਰੀਦਿਆ ਸੀ। ਹਾਲਾਂਕਿ ਉਹ ਉਸ ਸੀਜ਼ਨ ਵਿੱਚ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਸੀ ਕਰ ਸਕਿਆ।