ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੇ ਜ਼ੀਰੋ ਕਾਲ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਅਨਵਰ ਮਸੀਹ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਬੰਧੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਅਨਵਰ ਮਸੀਹ ਦੇ ਸਬੰਧ ਬਿਕਰਮ ਮਜੀਠੀਆ ਨਾਲ ਹਨ ਅਤੇ ਕੀ ਐੱਸ. ਟੀ. ਐੱਫ. ਇਸ ਸਬੰਧੀ ਮਜੀਠੀਆ ਖਿਲਾਫ ਜਾਂਚ ਕਰੇਗੀ। ਇਸ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਜਾਂਚ ਦਾ ਭਰੋਸਾ ਦੁਆਇਆ ਗਿਆ। ਇਸ ਤੋਂ ਪਹਿਲਾਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੀ ਇਹ ਮਾਮਲਾ ਚੁੱਕਦੇ ਹੋਏ ਮਜੀਠੀਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਸੁਲਤਾਨਵਿੰਡ ਖੇਤਰ ‘ਚ ਅਕਾਲੀ ਨੇਤਾ ਅਤੇ ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਦੀ ਕੋਠੀ ‘ਚ ਚੱਲ ਰਹੀ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਇੱਥੋਂ 194 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਤੋਂ ਬਾਅਦ ਅਨਵਰ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ।