ਇੱਕ ਸਟਾਰ ਕਿਹੜੀ ਫ਼ਿਲਮ ਕਰੇਗਾ, ਕਿਹੜੀ ਨਹੀਂ ਕਰੇਗਾ। ਮੀਡੀਆ ਦੇ ਅਜਿਹੇ ਕਈ ਸੁਆਲਾਂ ਦਾ ਸਾਹਮਣਾ ਅਕਸਰ ਸਿਤਾਰਿਆਂ ਨੂੰ ਕਰਨਾ ਪੈਂਦਾ ਹੈ। ਅਜਿਹੇ ਸੁਆਲਾਂ ਦਾ ਸਾਹਮਣਾ ਕਰਦੇ ਸਮੇਂ ਉਹ ਕਦੇ ਪਟਕਥਾ ਅਤੇ ਕਦੇ ਨਿਰਦੇਸ਼ਕ ਦਾ ਜ਼ਿਕਰ ਕਰਦੇ ਹਨ। ਪਰ ਜੋ ਗੱਲ ਉਹ ਟਾਲ ਜਾਂਦੇ ਹਨ ਉਹ ਹੈ ਨਿਰਮਾਣ ਸੰਸਥਾ ਦੇ ਸਾਹਮਣੇ ਰੱਖੀਆਂ ਗਈਆਂ ਸ਼ਰਤਾਂ। ਸੱਚ ਤਾਂ ਇਹ ਹੈ ਕਿ ਸ਼ਾਹਰੁਖ਼ ਖ਼ਾਨ ਤੋਂ ਲੈ ਕੇ ਅਕਸ਼ੇ ਕੁਮਾਰ ਤਕ ਸਾਰੇ ਵੱਡੇ ਸਿਤਾਰੇ ਸਟਾਰਡਮ ਕਾਰਨ ਆਪਣੀਆਂ ਕੁੱਝ ਸ਼ਰਤਾਂ ਰੱਖਦੇ ਹਨ। ਇਹ ਉਹ ਸ਼ਰਤਾਂ ਹੁੰਦੀਆਂ ਹਨ ਜੋ ਉਨ੍ਹਾਂ ਦੀ ਮੋਟੀ ਫ਼ੀਸ ਤੋਂ ਅਲੱਗ ਹੁੰਦੀਆਂ ਹਨ। ਕੁੱਝ ਸਿਤਾਰਿਆਂ ਨੇ ਕਈ ਸਾਲਾਂ ਤੋਂ ਆਪਣੀ ਫ਼ੀਸ ਦੇ ਨਾਲ ਹੀ ਫ਼ਿਲਮ ਦੀ ਕਮਾਈ ਵਿੱਚ ਵੀ ਕੁੱਝ ਸ਼ੇਅਰ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਦੀ ਫ਼ੀਸ ਕਈ ਕਰੋੜਾਂ ਵਿੱਚ ਪਹੁੰਚ ਚੁੱਕੀ ਹੈ। ਇਹੀ ਨਹੀਂ ਸ਼ਾਹਰੁਖ਼, ਆਮਿਰ ਖ਼ਾਨ ਵਰਗੇ ਕਈ ਸਿਤਾਰੇ ਤਾਂ ਖ਼ੁਦ ਹੀ ਆਪਣੀਆਂ ਕੁੱਝ ਫ਼ਿਲਮਾਂ ਬਣਾਉਣ ਵੀ ਲੱਗੇ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਦੂਜੀਆਂ ਸ਼ਰਤਾਂ ਅਸਲ ਵਿੱਚ ਜ਼ਿਕਰਯੋਗ ਹੁੰਦੀਆਂ ਹਨ। ਉਹ ਸ਼ਰਤਾਂ ਕੀ ਹੁੰਦੀਆਂ ਹਨ ਅਤੇ ਇਨ੍ਹਾਂ ਸ਼ਰਤਾਂ ਪਿੱਛੇ ਉਨ੍ਹਾਂ ਦਾ ਕੀ ਤਰਕ ਹੁੰਦਾ ਹੈ। ਆਓ, ਜਾਣੀਏ। ਕਿਸੇ ਫ਼ਿਲਮ ਦੇ ਫ਼ਲੋਰ ‘ਤੇ ਜਾਣ ਤੋਂ ਪਹਿਲਾਂ ਹੀ ਸਲਮਾਨ ਖ਼ਾਨ ਉਸ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਨੂੰ ਇਹ ਨਿਰਦੇਸ਼ ਦਿੰਦਾ ਹੈ ਕਿ ਹੀਰੋਇਨ ਨਾਲ ਉਸ ਦਾ ਕੋਈ ਚੁੰਮਣ ਦ੍ਰਿਸ਼ ਨਹੀਂ ਹੋਵੇਗਾ। ਇਹੀ ਨਹੀਂ ਉਹ ਹੀਰੋਇਨ ਨਾਲ ਨਜ਼ਦੀਕੀ ਦ੍ਰਿਸ਼ ਕਰਨ ਤੋਂ ਵੀ ਬਚਦਾ ਹੈ। ਉਸ ਦੀ ਇਹ ਸ਼ਰਤ ਉਸ ਦੀ ਹੋਮ ਪ੍ਰੋਡਕਸ਼ਨ ਵਿੱਚ ਵੀ ਕਾਇਮ ਰਹਿੰਦੀ ਹੈ। ਇਸ ਸਬੰਧੀ ਸਲਮਾਨ ਦਾ ਕਹਿਣਾ ਹੈ, ”ਮੈਂ ਇੱਕ ਹੀਰੋ ਹਾਂ। ਮੈਨੂੰ ਦੇਖ ਕੇ ਬਹੁਤ ਸਾਰੇ ਲੋਕ ਬਹੁਤ ਕੁੱਝ ਸਿੱਖਦੇ ਹਨ। ਇਸ ਲਈ ਮੈਂ ਅਜਿਹੇ ਕਿਸੇ ਕਿਰਦਾਰ ਨੂੰ ਨਹੀਂ ਕਰਾਂਗਾ ਜੋ ਮੇਰੀਆਂ ਅੱਖਾਂ ਨੂੰ ਵੀ ਖ਼ਰਾਬ ਲੱਗੇ। ਮੈਂ ਪਰਦੇ ‘ਤੇ ਖ਼ੁਦ ਨੂੰ ਖ਼ਰਾਬ ਆਦਮੀ ਦੇ ਤੌਰ ‘ਤੇ ਨਹੀਂ ਦੇਖਣਾ ਚਾਹੁੰਦਾ, ਫ਼ਿਰ ਦਰਸ਼ਕ ਕਿਉਂ ਚਾਹੁਣਗੇ।”
ਅਜੇ ਦੇਵਗਨ ਦੇ ਕਿਸੇ ਸਮੇਂ ਰਵੀਨਾ ਟੰਡਨ ਅਤੇ ਮਨੀਸ਼ਾ ਕੋਇਰਾਲਾ ਨਾਲ ਪ੍ਰੇਮ ਸਬੰਧ ਰਹੇ ਸਨ। ਇਸ ਲਈ ਬਾਅਦ ਵਿੱਚ ਉਹ ਨਿਰਮਾਤਾ-ਨਿਰਦੇਸ਼ਕਾਂ ਅੱਗੇ ਇਹ ਸ਼ਰਤ ਰੱਖਦਾ ਸੀ ਕਿ ਉਸ ਨਾਲ ਇਨ੍ਹਾਂ ਦੋਹਾਂ ਵਿਚੋਂ ਕੋਈ ਹੀਰੋਇਨ ਨਹੀਂ ਹੋਣੀ ਚਾਹੀਦੀ। ਬਾਅਦ ਵਿੱਚ ਇਸ ਵਿੱਚ ਕੰਗਨਾ ਰਣੌਤ ਦਾ ਨਾਂ ਵੀ ਜੁੜ ਗਿਆ। ਅਸਲ ਵਿੱਚ ਵੰਨਸ ਅਪੌਨ ਆ ਟਾਈਮ ਇਨ ਮੁੰਬਈ ਦੀ ਸ਼ੂਟਿੰਗ ਦੌਰਾਨ ਅਜੇ ਅਤੇ ਕੰਗਨਾ ਦਰਮਿਆਨ ਨਜ਼ਦੀਕੀਆਂ ਵੱਧ ਗਈਆਂ ਸਨ। ਫ਼ਿਰ ਕਾਜੋਲ ਵਲੋਂ ਵਿਰੋਧ ਕਰਨ ‘ਤੇ ਅਜੇ ਨੇ ਉਸ ਨਾਲ ਅੱਗੇ ਤੋਂ ਫ਼ਿਲਮਾਂ ਕਰਨ ਤੋਂ ਤੌਬਾ ਕਰ ਲਈ।
ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਉਹ ਪਹਿਲਾ ਅਦਾਕਾਰ ਹੈ ਜਿਸ ਨੇ ਫ਼ੀਸ ਦੇ ਤੌਰ ‘ਤੇ ਲਾਭ ਅੰਸ਼ ਦੀ ਪਰੰਪਰਾ ਸ਼ੁਰੂ ਕੀਤੀ। ਉਸ ਦਾ ਕਹਿਣਾ ਹੈ, ”ਤੁਸੀਂ ਮੇਰੇ ਕਿਸੇ ਵੀ ਨਿਰਮਾਤਾ ਨਾਲ ਗੱਲ ਕਰ ਲਓ, ਮੈਂ ਅੱਜ ਤਕ ਕਿਸੇ ਫ਼ਿਲਮ ਲਈ ਫ਼ੀਸ ਨਹੀਂ ਲਈ। ਮੇਰੇ ਰੁਜ਼ਗਾਰ ਦੇ ਕਈ ਹੋਰ ਰਸਤੇ ਹਨ ਜਿਵੇਂ ਲਾਈਵ ਸ਼ੋਅ, ਨਿੱਜੀ ਬਿਜ਼ਨਸ, ਵਿਗਿਆਪਨ ਆਦਿ। ਇਸ ਲਈ ਮੈਂ ਆਪਣੇ ਨਿਰਮਾਤਾਵਾਂ ਨੂੰ ਇਹੀ ਕਹਿੰਦਾ ਹਾਂ ਕਿ ਜੇ ਫ਼ਿਲਮ ਚੱਲੇਗੀ ਤਾਂ ਉਸ ਦੇ ਲਾਭ ‘ਤੇ ਮੈਂ ਦਾਅਵਾ ਕਰਾਂਗਾ। ਇਸ ਤੋਂ ਇਲਾਵਾ ਮੈਨੂੰ ਕੁੱਝ ਨਹੀਂ ਚਾਹੀਦਾ।” ਹੁਣ ਤਾਂ ਉਹ ਆਪਣੀਆਂ ਫ਼ਿਲਮਾਂ ਦਾ ਨਿਰਮਾਣ ਅਤੇ ਵੰਡ ਵੀ ਕਰਨ ਲੱਗਿਆ ਹੈ।
ਆਮਿਰ ਖ਼ਾਨ ਦੀਆਂ ਸ਼ਰਤਾਂ ਬਹੁਤ ਵਚਿੱਤਰ ਹਨ। ਅੱਜਕੱਲ੍ਹ ਆਪਣੀ ਹੋਮ ਪ੍ਰੋਡਕਸ਼ਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਨੂੰ ਲੈ ਕੇ ਉਸ ਨੂੰ ਆਪਣੀ ਮਨਚਾਹੀ ਪਟਕਥਾ ਚਾਹੀਦੀ ਹੈ। ਉਹ ਜ਼ਰੂਰਤ ਤੋਂ ਜ਼ਿਆਦਾ ਪਟਕਥਾ ‘ਤੇ ਵਕਤ ਦਿੰਦਾ ਹੈ ਜਿਸ ਕਾਰਨ ਉਸ ਦੀ ਪਟਕਥਾ ਵਿੱਚ ਕਈ ਵਾਰ ਫ਼ੇਰਬਦਲ ਹੁੰਦੇ ਹਨ। ਦੂਜੇ ਦੀ ਲਿਖੀ ਕਹਾਣੀ ਨੂੰ ਆਪਣੇ ਨਿਯੰਤਰਣ ਵਿੱਚ ਕਰਨਾ ਉਸ ਲਈ ਆਮ ਗੱਲ ਹੈ, ਪਰ ਆਮਿਰ ਦੀ ਇੱਕ ਅਨੋਖੀ ਸ਼ਰਤ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਸ ਦੀ ਸ਼ਰਤ ਹੁੰਦੀ ਹੈ ਕਿ ਫ਼ਿਲਮ ਵਿੱਚ ਉਸ ਦਾ ਕੋਈ ਵੀ ਲੌਂਗ ਸ਼ੌਟ ਨਹੀਂ ਹੋਵੇਗਾ। ਅਸਲ ਵਿੱਚ ਉਸ ਨੂੰ ਲੌਂਗ ਸ਼ੌਟ ਦੇਣਾ ਬਿਲਕੁਲ ਪਸੰਦ ਨਹੀਂ ਹੈ। ਫ਼ਿਲਮ ਪੀਕੇ ਵਿੱਚ ਸਿਰਫ਼ ਇੱਕ ਲੌਂਗ ਸ਼ੌਟ ਰੱਖਣ ਲਈ ਫ਼ਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨਾਲ ਉਸ ਦੀ ਕਾਫ਼ੀ ਬਹਿਸਬਾਜ਼ੀ ਹੋਈ ਸੀ। ਕਰੀਨਾ ਕਪੂਰ ਨੇ ਕਦੇ ਚਮੇਲੀ ਅਤੇ ਹੀਰੋਇਨ ਵਰਗੀਆਂ ਛੋਟੇ ਬਜਟ ਦੀਆਂ ਫ਼ਿਲਮਾਂ ਕੀਤੀਆਂ ਸਨ ਜਿਨ੍ਹਾਂ ਦੇ ਹੀਰੋ ਬਹੁਤ ਜ਼ਿਆਦਾ ਵੱਡੇ ਅਦਾਕਾਰ ਨਹੀਂ ਸਨ। ਹੁਣ ਲੰਬੇ ਸਮੇਂ ਤੋਂ ਉਸ ਦੀ ਇਹ ਜ਼ਿੱਦ ਹੁੰਦੀ ਹੈ ਕਿ ਉਸ ਨੂੰ ਵੱਡੇ ਹੀਰੋ ਨਾਲ ਹੀ ਲਿਆ ਜਾਵੇ। ਇਸ ਦੀ ਇੱਕ ਵਜ੍ਹਾ ਇਹ ਹੈ ਕਿ ਕਈ ਵੱਡੇ ਹੀਰੋ ਉਸ ਨੂੰ ਹੁਣ ਵੀ ਪਸੰਦ ਕਰਦੇ ਹਨ। ਗੁੱਡ ਨਿਊਜ਼ ਵਿੱਚ ਅਕਸ਼ੇ ਕੁਮਾਰ ਨਾਲ ਕੰਮ ਕਰਨ ਤੋਂ ਬਾਅਦ ਉਹ ਲਾਲ ਸਿੰਘ ਚੱਢਾ ਵਿੱਚ ਆਮਿਰ ਖ਼ਾਨ ਨਾਲ ਕੰਮ ਕਰ ਰਹੀ ਹੈ। ਕਰੀਨਾ ਦੀ ਇਹ ਮਾਨਸਿਕਤਾ ਹੁਣ ਥੋੜ੍ਹੀ ਜਿਹੀ ਬਦਲੀ ਹੈ। ਇਸ ਲਈ ਹੁਣ ਉਸ ਨੇ ਇਰਫਾਨ ਖ਼ਾਨ ਨਾਲ ਅੰਗਰੇਜ਼ੀ ਮੀਡੀਅਮ ਵਿੱਚ ਕੰਮ ਕਰਨਾ ਮਨਜ਼ੂਰ ਕੀਤਾ ਹੈ, ਪਰ ਇਸ ਦੀ ਸੱਚਾਈ ਇਹ ਹੈ ਕਿ ਹੁਣ ਉਸ ਕੋਲ ਫ਼ਿਲਮਾਂ ਦੀ ਪੇਸ਼ਕਸ਼ ਘੱਟ ਹੀ ਆ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਸ਼ੇ ਕੁਮਾਰ ਦੀਆਂ ਸ਼ਰਤਾਂ ਅਨੋਖੀਆਂ ਹੁੰਦੀਆਂ ਹਨ। ਜਿਵੇਂ ਕਿ ਦਿਨ ਵਿੱਚ ਉਹ ਅੱਠ ਘੰਟੇ ਤੋਂ ਜ਼ਿਆਦਾ ਸ਼ੂਟਿੰਗ ਨਹੀਂ ਕਰੇਗਾ। ਸ਼ਾਮ ਨੂੰ ਛੇ ਵੱਜਦੇ ਹੀ ਉਹ ਸੈੱਟ ਤੋਂ ਚਲਾ ਜਾਵੇਗਾ। ਸ਼ਨੀਵਾਰ ਨੂੰ ਉਹ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਕੰਮ ਕਰੇਗਾ। ਇਸ ਦਿਨ ਦੁਪਹਿਰ ਤੋਂ ਬਾਅਦ ਉਹ ਸਿਰਫ਼ ਆਪਣੇ ਪਰਿਵਾਰ ਨੂੰ ਸਮਾਂ ਦੇਵੇਗਾ। ਉਹ ਸ਼ੂਟਿੰਗ ਨੂੰ ਘੱਟ ਹੀ ਕੈਂਸਲ ਕਰਦਾ ਹੈ। ਉਸ ਦੀਆਂ ਫ਼ਿਲਮਾਂ ਦੀ ਆਮਤੌਰ ‘ਤੇ ਸ਼ੂਟਿੰਗ 40 ਤੋਂ 50 ਦਿਨਾਂ ਵਿੱਚ ਪੂਰੀ ਹੋ ਜਾਂਦੀ ਹੈ। ਇਸ ਲਈ ਨਿਰਮਾਤਾ ਖ਼ੁਸ਼ ਰਹਿੰਦੇ ਹਨ।
ਰਿਤਿਕ ਦੀ ਫ਼ਿਟਨੈੱਸ ਸਬੰਧੀ ਸਾਰੇ ਜਾਣਦੇ ਹਨ। ਇਸ ਲਈ ਉਹ ਜਿੱਥੇ ਵੀ ਸ਼ੂਟਿੰਗ ਕਰਨ ਜਾਂਦਾ ਹੈ ਉੱਥੇ ਉਸ ਲਈ ਜਿਮ ਵੀ ਬੁੱਕ ਕੀਤਾ ਜਾਂਦਾ ਹੈ। ਇਸ ਸਬੰਧੀ ਫ਼ਿਲਮ ਦੇ ਨਿਰਮਾਤਾ ਨੂੰ ਪਹਿਲਾਂ ਹੀ ਸੰਦੇਸ਼ ਦੇ ਦਿੱਤਾ ਜਾਂਦਾ ਹੈ। ਫ਼ਿਲਮ ਮੋਹਨਜੋਦੜੋ ਦੇ ਸਮੇਂ ਤੋਂ ਉਸ ਨੇ ਇਸਨੂੰ ਆਪਣੇ ਕੌਨਟਰੈਕਟ ਵਿੱਚ ਵੀ ਜੋੜਨਾ ਸ਼ੁਰੂ ਕਰ ਦਿੱਤਾ ਹੈ। ਉਸ ਦੇ ਡਾਇਟ ਪਲੈਨ ਮੁਤਾਬਿਕ ਉਸ ਦਾ ਨਿੱਜੀ ਰਸੋਈਆ ਵੀ ਉਸ ਦੇ ਨਾਲ ਹੀ ਜਾਂਦਾ ਹੈ। ਜੇਕਰ ਸ਼ੂਟਿੰਗ ਸਕੈਜੂਅਲ ਥੋੜ੍ਹਾ ਜਿਹਾ ਵੀ ਅੱਗੇ ਵਧਿਆ ਤਾਂ ਉਹ ਆਪਣੇ ਮਿਹਨਤਾਨੇ ਵਿੱਚ ਹੋਰ ਪੈਸੇ ਜੋੜ ਦਿੰਦਾ ਹੈ। ਇਸ ਲਈ ਉਸ ਨਾਲ ਸ਼ੂਟਿੰਗ ਕਰਦੇ ਹੋਏ ਨਿਰਮਾਤਾਵਾਂ ਨੂੰ ਸਮੇਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
ਅੱਠਵੇਂ ਦਹਾਕੇ ਵਿੱਚ ਫ਼ਿਲਮ ਇੰਡਸਟਰੀ ਵਿੱਚ ਹੀਰੋਇਨਾਂ ਦਾ ਦਬਦਬਾ ਘੱਟ ਹੋਇਆ ਹੈ। ਇਸ ਤੋਂ ਪਹਿਲਾਂ ਮਧੂਬਾਲਾ, ਮੀਨਾ, ਕੁਮਾਰੀ, ਵਹੀਦਾ ਰਹਿਮਾਨ, ਵੈਜੰਤੀਮਾਲਾ ਵਰਗੀਆਂ ਨਾਮਚੀਨ ਅਭਿਨੇਤਰੀਆਂ ਨੇ ਇੰਡਸਟਰੀ ਵਿੱਚ ਰਾਜ ਕੀਤਾ ਹੈ, ਪਰ ਅੱਜ ਪਹਿਲੀ ਕਤਾਰ ਦੀਆਂ ਨਾਇਕਾਵਾਂ ਆਪਣੀ ਇਹ ਸਥਿਤੀ ਨਹੀਂ ਬਣਾ ਸਕੀਆਂ। ਇਸ ਲਈ ਉਨ੍ਹਾਂ ਦੀ ਕੋਈ ਸ਼ਰਤ ਨਹੀਂ ਮੰਨੀ ਜਾਂਦੀ। ਅਜਿਹੇ ਵਿੱਚ ਆਪਣੀ ਮਨਪਸੰਦ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਣਾ ਪੈਂਦਾ ਹੈ। ਜਦੋਂਕਿ ਹੀਰੋਇਨ ਆਧਾਰਿਤ ਫ਼ਿਲਮਾਂ ਵੀ ਘੱਟ ਨਹੀਂ ਬਣ ਰਹੀਆਂ, ਪਰ ਇੱਥੇ ਵੀ ਸਾਡੀਆਂ ਅਭਿਨੇਤਰੀਆਂ ਕੁੱਝ ਨਹੀਂ ਕਰ ਪਾਉਂਦੀਆਂ। ਅਜਿਹੇ ਵਿੱਚ ਕਰੀਨਾ ਜਾਂ ਕੰਗਨਾ ਰਣੌਤ ਵਰਗੀਆਂ ਇੱਕ-ਦੋ ਅਭਿਨੇਤਰੀਆਂ ਹੀ ਹਨ ਜਿਨ੍ਹਾਂ ਦੀ ਕੋਈ ਸ਼ਰਤ ਮੰਨੀ ਜਾਂਦੀ ਹੈ।

ਆਪਣੇ ਬੇਟਿਆਂ ਨੂੰ ਜ਼ਬਰਦਸਤੀ ਫ਼ਿਲਮਾਂ ‘ਚ ਲੌਂਚ ਨਹੀਂ ਕਰੇਗੀ ਮਾਧੁਰੀ
ਮੁੰਬਈ – ਬੌਲੀਵੁਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਆਪਣੇ ਬੇਟਿਆਂ ਨੂੰ ਜ਼ਬਰਦਸਤੀ ਫ਼ਿਲਮਾਂ ਵਿੱਚ ਲੌਂਚ ਨਹੀਂ ਕਰੇਗੀ। ਹੁਣੇ ਜਿਹੇ ਬੌਲੀਵੁਡ ਵਿੱਚ ਕਈ ਸਟਾਰ ਕਿਡ ਲੌਂਚ ਹੋਏ ਹਨ। ਬੌਲੀਵੁਡ ਦੀ ਨਜ਼ਰ ਇਨ੍ਹੀਂ ਦਿਨੀਂ ਮਾਧੁਰੀ ਦੀਕਸ਼ਿਤ ਦੇ ਬੇਟਿਆਂ ‘ਤੇ ਵੀ ਹੈ ਜੋ ਇਸ ਸਮੇਂ ਮੁੰਬਈ ਵਿੱਚ ਹੀ ਪੜ੍ਹਾਈ ਕਰ ਰਹੇ ਹਨ। ਮਾਧੁਰੀ ਕਦੇ ਵੀ ਆਪਣੇ ਬੇਟਿਆਂ ਦੀ ਪਸੰਦ ਨੂੰ ਲੈ ਕੇ ਕੋਈ ਗੱਲ ਨਹੀਂ ਕਰਦੀ। ਇੱਕ ਇੰਟਰਵਿਊ ਦੌਰਾਨ ਮਾਧੁਰੀ ਨੂੰ ਸਵਾਲ ਕੀਤਾ ਗਿਆ ਕਿ ਬੌਲੀਵੁਡ ਵਿੱਚ ਆਪਣੇ ਬੇਟਿਆਂ ਦੀ ਲੌਂਚਿੰਗ ਨੂੰ ਲੈ ਕੇ ਉਹ ਕੀ ਸੋਚਦੀ ਹੈ? ਜਵਾਬ ਵਿੱਚ ਮਾਧੁਰੀ ਨੇ ਕਿਹਾ, ”… ਪਤਾ ਨਹੀਂ ਉਨ੍ਹਾਂ ਨੇ ਕੀ ਕਰਨਾ ਹੈ। ਉਨ੍ਹਾਂ ਨੇ ਇਸ ਫ਼ੀਲਡ ਵਿੱਚ ਜਾਣਾ ਵੀ ਹੈ ਜਾਂ ਨਹੀਂ, ਇਹ ਬੱਚਿਆਂ ‘ਤੇ ਨਿਰਭਰ ਕਰਦਾ ਹੈ। ਇਸ ਮਾਮਲੇ ਵਿੱਚ ਮੈਂ ਬੱਚਿਆਂ ਨਾਲ ਕੋਈ ਜ਼ਬਰਦਸਤੀ ਨਹੀਂ ਕਰਨੀ। ਬੇਟਿਆਂ ਨੂੰ ਜ਼ਬਰਦਸਤੀ ਲੌਂਚ ਨਹੀਂ ਕਰਨਾ।”

ਸਲਮਾਨ ਖ਼ਾਨ ਨੂੰ ਮਿਲ ਕੇ ਭਾਵੁਕ ਹੋਈ ਸੁਨੰਦਾ ਸ਼ਰਮਾ, ਪੋਸਟ ‘ਚ ਲਿਖੇ ਦਿਲ ਦੇ ਜਜ਼ਬਾਤ
ਜਲੰਧਰ – ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਖ਼ਾਸੀ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਸੁਨੰਦਾ ਸ਼ਰਮਾ ਨੇ ਆਪਣੇ ਇਨਸਟਾਗ੍ਰੈਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਸ ਨਾਲ ਬੌਲੀਵੁਡ ਦੇ ਸੁਪਰਸਟਾਰ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਸੁਨੰਦਾ ਸ਼ਰਮਾ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਆਪਣੀ ਖ਼ੁਸ਼ੀ ਫੈਨਜ਼ ਨਾਲ ਸ਼ੇਅਰ ਕਰਦਿਆਂ ਕੈਪਸ਼ਨ ਰਾਹੀਂ ਦਿਲ ਦੀਆ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਉਸ ਨੇ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਪਲ ਹੈ ਅਤੇ ਸਿਰਫ਼ ਸਲਮਾਨ ਖ਼ਾਨ ਸਰ ਨਾਲ ਤਸਵੀਰ ਖਿੱਚਵਾਉਣਾ ਦਾ ਬਹੁਤ ਸਾਰੇ ਲੋਕਾਂ ਦਾ ਸੁਫ਼ਨਾ ਹੁੰਦਾ ਹੈ, ਪਰ ਮੇਰਾ ਇਹ ਸੁਫ਼ਨਾ ਅੱਜ ਸੱਚ ਹੋਇਆ ਹੈ। ਉਹ ਮੇਰੀ ਪ੍ਰੇਰਨਾ ਹਨ ਅਤੇ ਬਹੁਤ ਸਾਰੇ ਹੋਰਾਂ ਲਈ ਵੀ। ਉਨ੍ਹਾਂ ਦੀਆ ਤਸਵੀਰਾਂ ਦੇਖ ਕੇ ਮੈਂ ਵੱਡੀ ਹੋਈ ਹਾਂ ਅਤੇ ਅੱਜ ਉਨ੍ਹਾਂ ਨਾਲ ਖੜ੍ਹੀ ਹਾਂ। ਧੰਨਵਾਦ ਵਾਹਿਗੁਰੂ ਜੀ! !”
ਸੁਨੰਦਾ ਸ਼ਰਮਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਸੁਨੰਦਾ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਹੁਨਰ ਦਿਖਾ ਚੁੱਕੀ ਹੈ।