ਰਾਵਲਪਿੰਡੀ – ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਭਾਰਤ ਦੇ ਪਾਕਿਸਤਾਨ ਨਾਲ ਦੋ ਪੱਖੀ ਕ੍ਰਿਕਟ ਸੀਰੀਜ਼ ਖੇਡਣ ਦੀ ਸ਼ੁਰੂਆਤ ਕਰਨ ‘ਤੇ ਇੱਕ ਮਜ਼ੇਦਾਰ ਤਰਕ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਸੀ ਵਪਾਰ ਨਾਲ ਟਮਾਟਰ-ਪਿਆਜ਼ ਖਾ ਸਕਦੇ ਹਾਂ ਤਾਂ ਕ੍ਰਿਕਟ ਕਿਉਂ ਨਹੀਂ ਖੇਡ ਸਕਦੇ? ਦਰਅਸਲ, ਗ਼ੈਰਅਧਿਕਾਰਿਕ ਭਾਰਤੀ ਟੀਮ ਕਬੱਡੀ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਪਾਕਿਸਤਾਨ ਗਈ ਸੀ। ਹਾਲਾਂਕਿ ਖੇਡ ਮੰਤਰੀ ਕਿਰਿਨ ਰਿਜਿਜੂ ਨੇ ਦਾਅਵਾ ਕੀਤਾ ਕਿ ਭਾਰਤ ਨੇ ਕਿਸੇ ਵੀ ਖਿਡਾਰੀ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਇਸ ਤੋਂ ਬਾਅਦ ਸ਼ੋਏਬ ਅਖ਼ਤਰ ਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਭਾਰਤ ਨਾਲ ਦੋ ਪੱਖੀ ਸੀਰੀਜ਼ ਖੇਡਣ ‘ਤੇ ਇਹ ਬਿਆਨ ਦਿੱਤਾ।
ਸ਼ੋਏਬ ਨੇ ਕਿਹਾ, ”ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਬੱਡੀ ਦਾ ਮੈਚ ਹੋਇਆ। ਇਸ ਬਾਰੇ ਮੇਰੇ ਦਿਮਾਗ਼ ‘ਚ ਬਹੁਤ ਸਾਰੀਆਂ ਚੀਜ਼ਾਂ ਚਲ ਰਹੀਆਂ ਹਨ। ਅਸੀਂ ਇੱਕ ਦੂਜੇ ਦਾ ਟਮਾਟਰ, ਆਲੂ ਅਤੇ ਪਿਆਜ਼ ਖਾ ਸਕਦੇ ਹਾਂ, ਵਪਾਰ ਕਰ ਸਕਦੇ ਹਾਂ, ਕਬੱਡੀ ਖੇਡ ਸਕਦੇ ਹਾਂ, ਡੇਵਿਸ ਕੱਪ ਖੇਡ ਸਕਦੇ ਹਾਂ ਤਾਂ ਕ੍ਰਿਕਟ ਕਿਉਂ ਨਹੀਂ ਖੇਡ ਸਕਦੇ? ਸ਼ੋਏਬ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਨਹੀਂ ਖੇਡ ਸਕਦੇ ਤਾਂ ਉਨ੍ਹਾਂ ਨੂੰ ਵਪਾਰ ਨਹੀਂ ਕਰਨਾ ਚਾਹੀਦਾ, ਕਬੱਡੀ ਨਹੀਂ ਖੇਡਣੀ ਚਾਹੀਦੀ ਜਾਂ ਦੋਹਾਂ ਨੂੰ ਕੁੱਝ ਵੀ ਨਹੀਂ ਕਰਨਾ ਚਾਹੀਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਸਿਆਸਤ ਹੋਣ ਲਗਦੀ ਹੈ। ਦੋ ਦੇਸ਼ਾਂ ਵਿਚਾਲੇ ਦੋ ਪੱਖੀ ਸੀਰੀਜ਼ ਖੇਡਣਾ ਮਹੱਤਵਪੂਰਣ ਹੁੰਦਾ ਹੈ ਜਿਸ ਨਾਲ ਪੈਸਾ ਆਉਣ ਦੇ ਨਾਲ-ਨਾਲ ਫ਼ੈਨ ਫ਼ੌਲੋਇੰਗ ਵੀ ਵਧਦੀ ਹੈ ਅਤੇ ਨਵੇਂ ਖਿਡਾਰੀਆਂ ਨੂੰ ਦਬਾਅ ‘ਚੋਂ ਖੇਡ ਕੇ ਉਭਰਣ ਦਾ ਮੌਕਾ ਮਿਲਦਾ ਹੈ।”
ਉਨ੍ਹਾਂ ਅੱਗੇ ਕਿਹਾ, ”ਅਸੀਂ ਦੁਨੀਆ ਦੇ ਸਭ ਤੋਂ ਚੰਗੇ ਮਹਿਮਾਨਨਵਾਜ਼ ਦੇਸ਼ਾਂ ‘ਚੋਂ ਇੱਕ ਹਾਂ ਅਤੇ ਭਾਰਤ ਨੇ ਇਸ ਨੂੰ ਪਹਿਲਾਂ ਤੋਂ ਦੇਖਿਆ ਹੈ। ਵਰਿੰਦਰ ਸਹਿਵਾਗ, ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਤੋਂ ਪੁੱਛੋ ਕਿ ਅਸੀਂ ਉਨ੍ਹਾਂ ਨੂੰ ਦੂਜਿਆਂ ਤੋਂ ਜ਼ਿਆਦਾ ਕਿੰਨਾ ਪਸੰਦ ਕਰਦੇ ਹਾਂ। ਕ੍ਰਿਕਟ ਨੂੰ ਸਾਡੇ ਵਿਚਾਲੇ ਮਤਭੇਦਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ। ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਛੇਤੀ ਹੀ ਇੱਕ ਦੋ ਪੱਖੀ ਸੀਰੀਜ਼ ਖੇਡਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਇੱਕ ਸਖ਼ਤ ਮੁਕਾਬਲੇਬਾਜ਼ੀ ਹੋਣਾ ਮਹੱਵਤਪੂਰਣ ਹੈ।”
ਜ਼ਿਕਰੋਯਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਤਭੇਦਾਂ ਅਤੇ ਸਰਹੱਦ ਵਿਵਾਦ ਦੇ ਕਾਰਨ ਲੰਬੇ ਸਮੇਂ ਤੋਂ ਕੋਈ ਦੋ ਪੱਖੀ ਸੀਰੀਜ਼ ਨਹੀੰ ਖੇਡੀ ਗਈ। ਹਾਲਾਂਕਿ ਦੋਹਾਂ ਦੇਸ਼ਾਂ ਦੀਆਂ ਟੀਮਾਂ ICC ਟੂਰਨਾਮੈਂਟਾਂ ‘ਚ ਇੱਕ-ਦੂਜੇ ਖ਼ਿਲਾਫ਼ ਖੇਡਦੀਆਂ ਆ ਰਹੀਆਂ ਹਨ ਅਤੇ ਆਖ਼ਰੀ ਵਾਰ ਦੋਹਾਂ ਦਾ ਸਾਹਮਣਾ ਪਿਛਲੇ ਸਾਲ ਇੰਗਲੈਂਡ ‘ਚ ਖੇਡੇ ਗਏ ICC ਵਰਲਡ ਕੱਪ ‘ਚ ਹੋਇਆ ਸੀ।