ਨਵੀਂ ਦਿੱਲੀ – ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਿੰਨੇ ਕ੍ਰਿਕਟ ਦੇ ਮੈਦਾਨ ‘ਤੇ ਸਰਗਰਮ ਹੋ ਕੇ ਖੇਡਦੇ ਨਜ਼ਰ ਆਉਂਦੇ ਹਨ ਉਸੇ ਤਰ੍ਹਾਂ ਮੈਦਾਨ ਤੋਂ ਬਾਹਰ ਭਾਵ ਸੋਸ਼ਲ ਮੀਡੀਆ ‘ਤੇ ਵੀ ਉਹ ਕਿਸੇ ਤੋਂ ਪਿੱਛੇ ਨਜ਼ਰ ਨਹੀਂ ਆਉਂਦੇ। ਅਜਿਹੇ ‘ਚ ਕੋਹਲੀ ਇਨਸਟਾਗ੍ਰੈਮ ‘ਤੇ 50 ਮਿਲੀਅਨ ਫ਼ੌਲੋਅਰਜ਼ ਦੀ ਗਿਣਤੀ ਤਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਦਰਅਸਲ, ਹਰ ਗ਼ੁਜ਼ਰਦੇ ਮੈਚ ਨਾਲ ਕ੍ਰਿਕਟ ਰਿਕਾਰਡ ਤੋੜ ਰਹੇ ਕੋਹਲੀ ਸੋਸ਼ਲ ਮੀਡੀਆ ‘ਤੇ ਵੀ ਝੰਡੇ ਗੱਢ ਰਹੇ ਹਨ। ਉਨ੍ਹਾਂ ਦੇ ਇੰਨੇ ਫ਼ੌਲੋਰਅਜ਼ ਹਨ ਜਿੰਨੇ ਕਿਸੇ ਵੀ ਭਾਰਤੀ ਦੇ ਨਹੀਂ। ਹਾਲਾਂਕਿ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਉਨ੍ਹਾਂ ਤੋਂ ਪਿੱਛੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਅਜੇ ਤਕ ਇਨਸਟਾਗ੍ਰੈਮ ‘ਤੇ 34.5 ਮਿਲੀਅਨ ਫ਼ੌਲੋਅਰਜ਼ ਹਨ।
ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਨੇ ਅਜੇ ਤਕ 930 ਪੋਸਟ ਕੀਤੇ ਹਨ ਅਤੇ ਉਹ 148 ਲੋਕਾਂ ਨੂੰ ਫ਼ੌਲੋ ਕਰਦੇ ਹਨ ਜਦਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਦੇ ਵੀ 17.5 ਮਿਲੀਅਨ ਫ਼ੌਲੋਅਰਜ਼ ਹੀ ਹਨ। ਵਿਰਾਟ ਕੋਹਲੀ ਦੀ ਤੁਲਨਾ ‘ਚ ਪੁਰਤਗਾਲ ਦੇ ਸਟਾਰ ਫ਼ੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਇਨਸਟਾਗ੍ਰੈਮ ‘ਤੇ 203 ਮਿਲੀਅਨ ਫ਼ੌਲੋਅਰਜ਼ ਹਨ ਜਦਕਿ ਅਰਜਨਟੀਨਾ ਦੇ ਕਰਿਸ਼ਮਾਈ ਫ਼ੁੱਟਬਾਲ ਸਟਾਰ ਲਿਓਨਿਲ ਮੈੱਸੀ ਦੇ ਇਨਸਟਾਗ੍ਰੈਮ ‘ਤੇ 143 ਮਿਲੀਅਨ ਫ਼ੌਲੋਅਰਜ਼ ਹਨ।
ਧੋਨੀ-ਰੋਹਿਤ ਅਤੇ ਸਚਿਨ ਹਨ ਵਿਰਾਟ ਤੋਂ ਕਾਫ਼ੀ ਪਿੱਛੇ
ਜਿੱਥੇ ਤਕ ਟੀਮ ਇੰਡੀਆ ਦੇ ਹੋਰਨਾਂ ਕ੍ਰਿਕਟਰਾਂ ਦੀ ਗੱਲ ਹੈ ਤਾਂ ਸਾਰੇ ਵਿਰਾਟ ਕੋਹਲੀ ਤੋਂ ਕਾਫ਼ੀ ਪਿੱਛੇ ਹਨ। ਦੇਸ਼ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਨਸਟਾਗ੍ਰੈਮ ‘ਤੇ 20.1 ਮਿਲੀਅਨ ਫ਼ੌਲੋਅਰਜ਼ ਹਨ ਜਦਕਿ ਸਚਿਨ ਤੇਂਦੁਲਕਰ ਨੂੰ ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ 19.7 ਮਿਲੀਅਨ ਲੋਕ ਫ਼ੌਲੋ ਕਰਦੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੇ ਇਨਸਟਾਗ੍ਰੈਮ ‘ਤੇ 12.3 ਮਿਲੀਅਨ ਫ਼ੌਲੋਅਰਜ਼ ਹਨ।