ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨੀਂ (24-25 ਫਰਵਰੀ) ਭਾਰਤ ਫੇਰੀ ‘ਤੇ ਆ ਰਹੇ ਹਨ। ਉਹਨਾਂ ਦੀ ਫੇਰੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹੈ। ਨਵੀਂ ਦਿੱਲੀ ਤੋਂ ਲੈ ਕੇ ਅਹਿਮਦਾਬਾਦ ਤੱਕ ਉਹਨਾਂ ਦੇ ਦੌਰੇ ਦੀਆਂ ਤਿਆਰੀਆਂ ਹੋ ਰਹੀਆਂ ਹਨ। ਟਰੰਪ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਵੀ ਭਾਰਤ ਆ ਰਹੀ ਹੈ। ਇੰਨਾ ਹੀ ਨਹੀਂ ਟਰੰਪ ਦੀ ਬੇਟੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਵਫਦ ਵਿਚ ਸ਼ਾਮਲ ਹੋਣਗੇ।
ਟਰੰਪ ਨਾਲ ਇਕ ਵੱਡਾ ਵਫਦ ਭਾਰਤ ਆਵੇਗਾ ਜੋ ਕਿ ਦੋ-ਪੱਖੀ ਵਾਰਤਾ ਵਿਚ ਸ਼ਾਮਲ ਹੋਵੇਗਾ।ਇਸ ਵਫਦ ਵਿਚ ਟਰੰਪ ਦੇ ਇਲਾਵਾ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ, ਉਹਨਾਂ ਦੀ ਬੇਟੀ ਅਤੇ ਸਲਾਹਕਾਰ ਇਵਾਂਕਾ ਟਰੰਪ, ਉਹਨਾਂ ਦਾ ਜਵਾਈ ਅਤੇ ਸਲਾਹਕਾਰ ਜੇਰੇਡ ਕੁਸ਼ਨਰ, ਵਪਾਰ ਪ੍ਰਤੀਨਿਧੀ ਰੌਬਰਟ ਲਾਇਥੀਜ਼ਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓਬ੍ਰਾਈਨ, ਖਜ਼ਾਨਾ ਸਕੱਤਰ ਸਟੀਵ ਮਨੂਚਿਨ, ਵਣਜ ਸਕੱਤਰ ਵਿਲਬਰ ਰਾਸ ਅਤੇ ਬਜਟ ਪ੍ਰਬੰਧਨ ਸਕੱਤਰ ਮਿਕ ਮਿਊਲੇਨੇਵੀ ਸ਼ਾਮਲ ਹਨ।
ਇੱਥੇ ਦੱਸ ਦਈਏ ਕਿ ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ ਅਤੇ ਇਸ ਵਾਰ ਉਹਨਾਂ ਦਾ ਪਰਿਵਾਰ ਵੀ ਨਾਲ ਆ ਰਿਹਾ ਹੈ। ਇਵਾਂਕਾ ਟਰੰਪ ਦਾ ਇਹ ਦੂਜਾ ਭਾਰਤ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ ਇਕ ਗਲੋਬਲ ਇਵੈਂਟ ਵਿਚ ਬਤੌਰ ਮੁੱਖ ਮਹਿਮਾਨ ਹੈਦਰਾਬਾਦ ਆਈ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸਨ ਅਤੇ ਦੋਹਾਂ ਨੇਤਾਵਾਂ ਨੇ ਇਕ ਰੋਬੋਟ ਨਾਲ ਗੱਲਬਾਤ ਕੀਤੀ ਸੀ।
ਟਰੰਪ ਆਪਣੇ ਦੌਰੇ ਦੌਰਾਨ ਸਭ ਤੋਂ ਪਹਿਲਾਂ ਅਹਿਮਦਾਬਾਦ ਜਾਣਗੇ, ਜਿੱਥੋਂ ਉਹ ਸਾਬਰਮਤੀ ਆਸ਼ਰਮ ਜਾਣਗੇ। ਇਸ ਦੇ ਇਲਾਵਾ ਉਹ ‘ਨਮਸਤੇ ਟਰੰਪ’ ਪ੍ਰੋਗਰਾਮ ਵਿਚ ਹਿੱਸਾ ਲੈਣਗੇ, ਜਿੱਥੇ 1 ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ।