ਨਵੀਂ ਦਿੱਲੀ : ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਅਤੇ ਵੁਹਾਨ ‘ਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਫੌਜ ਦਾ ਜਹਾਜ਼ ਭੇਜਣ ਦੇ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਵਿਚ ਚੀਨ ਜਾਣਬੁੱਝ ਕੇ ਦੇਰ ਕਰ ਰਿਹਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਨੇ ਕੋਰੋਨਾਵਾਇਰਸ ਤੋਂ ਸਭ ਤੋਂ ਵਧ ਪ੍ਰਭਾਵਿਤ ਚੀਨੀ ਸ਼ਹਿਰ ਵੁਹਾਨ ‘ਚ 20 ਫਰਵਰੀ ਨੂੰ ਸੀ-17 ਫੌਜੀ ਜਹਾਜ਼ ਭੇਜਣਾ ਸੀ ਪਰ ਉਡਾਣ ਲਈ ਇਜਾਜ਼ਤ ਨਾ ਮਿਲਣ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ। ਜਹਾਜ਼ ਨੂੰ ਚੀਨ ‘ਚ ਮੈਡੀਕਲ ਸਪਲਾਈ ਦਾ ਵੱਡਾ ਜ਼ਖੀਰਾ ਲੈ ਕੇ ਜਾਣਾ ਸੀ ਅਤੇ ਵੁਹਾਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣਾ ਸੀ। ਓਧਰ ਚੀਨ ਲਗਾਤਾਰ ਕਹਿ ਰਿਹਾ ਹੈ ਕਿ ਜਹਾਜ਼ ਨੂੰ ਮਨਜ਼ੂਰੀ ਦੇਣ ‘ਚ ਕੋਈ ਦੇਰੀ ਨਹੀਂ ਹੋਈ ਪਰ ਉਸ ਨੇ ‘ਬਿਨਾਂ ਸਪੱਸ਼ਟ ਕਾਰਨ’ ਦੱਸੇ ਮਨਜ਼ੂਰੀ ਨਹੀਂ ਦਿੱਤੀ ਹੈ।
ਇਸ ਮਹੀਨੇ ਦੀ ਸ਼ੁਰੂਆਤ ‘ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੀ ਚਿੱਠੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕੋਰੋਨਾਵਾਇਰਸ ਦੀ ਚੁਣੌਤੀ ਨਾਲ ਨਜਿੱਠਣ ‘ਚ ਚੀਨ ਦੇ ਲੋਕਾਂ ਅਤੇ ਸਰਕਾਰ ਪ੍ਰਤੀ ਇਕਜੁਟ ਹੈ ਅਤੇ ਦੇਸ਼ ਨੂੰ ਸਹਾਇਤਾ ਮੁਹੱਈਆ ਕਰਾਉਣ ਦੀ ਪੇਸ਼ਕਸ਼ ਦਿੱਤੀ। ਮੁਸੀਬਤ ਦੀ ਘੜੀ ‘ਚ ਦੂਜਿਆਂ ਦੀ ਮਦਦ ਲਈ ਰਾਹਤ ਸਮੱਗਰੀ ਦੀ ਪੇਸ਼ਕਸ਼ ਕੀਤੀ ਗਈ, ਜਦਕਿ ਭਾਰਤ ‘ਚ ਖੁਦ ਇਨ੍ਹਾਂ ਚੀਜ਼ਾਂ ਦੀ ਭਾਰੀ ਕਮੀ ਹੈ। ਜਿਨ੍ਹਾਂ ਸਾਮਾਨਾਂ ਦੀ ਸਪਲਾਈ ਕੀਤੀ ਜਾਣੀ ਹੈ, ਉਸ ‘ਚ ਦਸਤਾਨੇ, ਸਰਜੀਕਲ ਮਾਸਕ, ਫੀਡਿੰਗ ਪੰਪ ਹੈ, ਜਿਸ ਦੀ ਲੋੜ ਚੀਨ ਨੇ ਜਤਾਈ ਸੀ।
ਦੱਸਣਯੋਗ ਹੈ ਕਿ ਏਅਰ ਇੰਡੀਆ ਨੇ ਦੋ ਵੱਖ-ਵੱਖ ਉਡਾਣਾਂ ‘ਚ ਵੁਹਾਨ ਤੋਂ ਕਰੀਬ 640 ਭਾਰਤੀਆਂ ਨੂੰ ਕੱਢ ਲਿਆ ਸੀ। ਇਕ ਅਨੁਮਾਨ ਮੁਤਾਬਕ ਵੁਹਾਨ ‘ਚ ਅਜੇ ਵੀ 100 ਤੋਂ ਵਧੇਰੇ ਭਾਰਤੀ ਰਹਿ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਵੁਹਾਨ ‘ਚ ਭਾਰਤੀ ਨਾਗਰਿਕਾਂ ਵਲੋਂ ਜਹਾਜ਼ ਲਈ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਦੇਰੀ ਨਾਲ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਭਾਰਤ ‘ਚ ਰਹਿੰਦੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਾਨਸਿਕ ਰੂਪ ਤੋਂ ਕਾਫੀ ਪਰੇਸ਼ਾਨ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੀਨ ਜਾਨਲੇਵਾ ਵਾਇਰਸ ਕਾਰਨ 2300 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਵੱਡੀ ਗਿਣਤੀ ‘ਚ ਲੋਕ ਇਸ ਤੋਂ ਪੀੜਤ ਹਨ।