ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੇ ਭਾਰਤ ਦੌਰੇ ਨੂੰ ਲੈ ਕੇ ਕਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਆਵੇਗੀ। ਤਾਜ ਮਹਿਲ ਦੇਖਣ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਮੇਲਾਨੀਆ ਦਿੱਲੀ ਦੇ ਇਕ ਸਰਕਾਰੀ ਸਕੂਲ ਦਾ ਦੌਰਾ ਵੀ ਕਰੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਇਸ ਇਵੈਂਟ ‘ਚ ਸ਼ਾਮਲ ਨਹੀਂ ਹੋਣਗੇ। ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦਾ ਨਾਂ ਪ੍ਰੋਗਰਾਮ ਤੋਂ ਹਟਵਾਇਆ ਹੈ। ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਦੋਹਾਂ ਨੂੰ ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨਾਲ ਸਕੂਲ ਦੇ ਦੌਰੇ ‘ਚ ਸ਼ਾਮਲ ਹੋਣਾ ਸੀ।
ਦਰਅਸਲ 25 ਫਰਵਰੀ ਨੂੰ ਮੇਲਾਨੀਆ ਦੱਖਣੀ ਦਿੱਲੀ ਦੇ ਸਰਕਾਰੀ ਸਕੂਲ ਵਿਚ ਹੈੱਪੀਨੈਸ ਕਲਾਸ ਦੇਖਣ ਜਾਵੇਗੀ। ਉਹ ਕਰੀਬ ਇਕ ਘੰਟਾ ਸਕੂਲ ‘ਚ ਰੁੱਕੇਗੀ ਅਤੇ ਬੱਚਿਆਂ ਨਾਲ ਮੁਲਾਕਾਤ ਕਰੇਗੀ। ਸੂਤਰਾਂ ਮੁਤਾਬਕ ਜਦੋਂ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਚਲ ਰਹੀ ਹੋਵੇਗੀ, ਤਾਂ ਉਸ ਸਮੇਂ ਉਹ ਬੱਚਿਆਂ ਨਾਲ ਮੁਲਾਕਾਤ ਕਰੇਗੀ। ਇੱਥੇ ਦੱਸ ਦੇਈਏ ਕਿ ਪਹਿਲੀ ਵਾਰ ਅਮਰੀਕਾ ਦੀ ਕੋਈ ਫਰਸਟ ਲੇਡੀ ਦਿੱਲੀ ਦੇ ਕਿਸੇ ਸਕੂਲ ਦਾ ਦੌਰਾ ਕਰੇਗੀ ਅਤੇ ਵਿਦਿਆਰਥੀਆਂ ਨੂੰ ਮਿਲੇਗੀ। ਕੇਜਰੀਵਾਲ ਸਰਕਾਰ ਨੇ 2018 ‘ਚ ਸਕੂਲ ‘ਚ ਹੈੱਪੀਨੈਸ ਕਲਾਸ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਬੱਚਿਆਂ ਨੂੰ ਮਾਨਸਿਕ ਤਣਾਅ ਤੋਂ ਦੂਰ ਰੱਖਣਾ ਹੈ। ਦੱਸਣਯੋਗ ਹੈ ਕਿ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ 24 ਫਰਵਰੀ ਭਾਰਤ ਆ ਰਹੇ ਹਨ। ਦਿੱਲੀ ਤੋਂ ਲੈ ਕੇ ਅਹਿਮਦਾਬਾਦ ਤਕ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਹਿਮਦਾਬਾਦ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਆਗਰਾ ਜਾਣਗੇ ਅਤੇ ਉੱਥੇ ਤਾਜ ਮਹਿਲ ਦੀ ਦੀਦਾਰ ਕਰਨਗੇ।