ਰਾਮਪੁਰ—ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੇ ਪਤਨੀ ਤੰਜੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਦੇ ਨਾਲ ਅੱਜ ਭਾਵ ਬੁੱਧਵਾਰ ਨੂੰ ਇੱਥੋ ਦੀ ਇਕ ਵਿਸ਼ੇਸ਼ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਹੁਣ ਇਸ ਮਾਮਲੇ ‘ਚ ਅਗਲੀ ਸੁਣਵਾਈ 2 ਮਾਰਚ ਨੂੰ ਹੋਵੇਗੀ, ਉਦੋਂ ਤੱਕ ਆਜ਼ਮ ਖਾਨ ਜੇਲ ‘ਚ ਹੀ ਰਹਿਣਗੇ।
ਦੱਸ ਦੇਈਏ ਕਿ ਫਰਜੀ ਜਨਮ ਸਰਟੀਫਿਕੇਟ ਬਣਾਉਣ ਦੇ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਆਜ਼ਮ ਖਾਨ ਪਤਨੀ ਅਤੇ ਬੇਟੇ ਸਮੇਤ ਅਦਾਲਤ ‘ਚ ਪੇਸ਼ ਹੋਏ ਸੀ, ਜਿੱਥੇ ਅਦਾਲਤ ਨੇ ਤਿੰਨਾਂ ਨੂੰ ਨਿਆਂਇਕ ਹਿਰਾਸਤ ‘ਚ ਜੇਲ ਭੇਜਣ ਦਾ ਆਦੇਸ਼ ਦਿੱਤਾ। ਅਦਾਲਤ ‘ਚ ਨਾ ਪੇਸ਼ ਹੋਣ ‘ਤੇ ਜੱਜ ਨੇ ਆਜ਼ਮ ਖਾਨ ਨੂੰ ਫਟਕਾਰ ਲਗਾਈ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਮੰਗਲਵਾਰ ਨੂੰ ਹੇਠਲੀ ਅਦਾਲਤ ਨੇ ਸਮਾਜਵਾਦੀ ਪਾਰਟੀ ਦੇਲ ਸੰਸਦ ਮੈਂਬਰ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਅਤੇ ਬੇਟੇ ਦੀ ਜਾਇਦਾਦ ਕੁਰਕ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਏ.ਡੀ.ਜੇ 6 ਦੀ ਅਦਾਲਤ ਨੇ ਆਜ਼ਮ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਬਦੁੱਲਾ ਖਿਲਾਫ ਦੋ-ਦੋ ਜਨਮ ਸਰਟੀਫਿਕੇਟ, ਦੋ-ਦੋ ਪਾਸਪੋਰਟ ਅਤੇ ਦੋ-ਦੋ ਪੈਨਕਾਰਡ ਬਣਾਉਣ ਦੇ ਮੁੱਕਦਮੇ ਦਰਜ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਆਜ਼ਮ ਖਾਨ ਤੇ ਲਗਭਗ 80 ਮੁਕੱਦਮੇ ਦਰਜ ਹਨ।