ਰਿਸ਼ਤਿਆਂ ਨਾਲ ਮਸਲਾ ਇਹ ਹੈ ਕਿ ਉਨ੍ਹਾਂ ਵਿੱਚ ਘੱਟੋਘੱਟ ਦੋ ਬੰਦੇ ਸ਼ਾਮਿਲ ਹੁੰਦੇ ਹਨ, ਅਤੇ ਇਸੇ ਕਾਰਨ ਉਹ ਪੇਚੀਦਾ ਹਨ। ਕਿਸੇ ਨੂੰ ਇੱਕ-ਸ਼ਖ਼ਸੀ ਭਾਈਵਾਲੀ ਇਜਾਦ ਕਰਨੀ ਚਾਹੀਦੀ ਹੈ। ਜ਼ਰਾ ਕਲਪਨਾ ਕਰੋ, ਅਜਿਹਾ ਇੱਕ ਰਿਸ਼ਤਾ ਤੁਹਾਨੂੰ ਕਾਰਡਾਂ ਅਤੇ ਤੋਹਫ਼ਿਆਂ ‘ਚ ਕਿੰਨੇ ਪੈਸੇ ਬਚਾ ਸਕਦੈ। ਤੁਸੀਂ ਉਸ ਬੱਚਤ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ‘ਤੇ ਖ਼ਰਚ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹਨ। ਸ਼ਾਇਦ, ਜੇਕਰ ਅਸੀਂ ਸਾਰੇ ਹੀ ਅਜਿਹਾ ਕਰ ਸਕੀਏ ਤਾਂ ਸਾਡਾ ਸੰਸਾਰ ਅਜਿਹੀਆਂ ਖ਼ੁਸ਼ਨੂਦ ਰੂਹਾਂ ਨਾਲ ਭਰ ਜਾਵੇਗਾ ਜਿਨ੍ਹਾਂ ਦੀ ਆਪਸ ਵਿੱਚ ਖ਼ੂਬ ਬਣੇਗੀ। ਆਸ, ਕੰਬਖ਼ਤ, ਬਹੁਤ ਹੀ ਨਾਮੁਰਾਦ ਸ਼ੈਅ ਹੈ। ਆਪ ਮੁਹਾਰੇ ਜੇ ਕੁਝ ਵਾਪਰ ਜਾਵੇ ਤਾਂ ਉਸ ਦਾ ਮਜ਼ਾ ਹੀ ਕੁਛ ਹੋਰ ਹੈ। ਸੋ, ਆਪਣੀ ਜ਼ਿੰਦਗੀ ਵਿੱਚੋਂ ਆਸ ਨੂੰ ਘੱਟ ਕਰਨ ਲਈ ਤੁਸੀਂ ਕੀ ਕਰ ਰਹੇ ਹੋ?

ਜਦੋਂ ਕਿਸੇ ਨੂੰ ਮਦਦ ਦਰਕਾਰ ਹੋਵੇ ਤਾਂ ਅਸੀਂ ਇੱਕ ਪਾਸੇ ਚੁੱਪ ਕਰ ਕੇ ਨਹੀਂ ਬੈਠੇ ਰਹਿ ਸਕਦੇ। ਨਿਰਸੰਦੇਹ, ਜਦੋਂ ਕਿਸੇ ਗ਼ਲਤੀ ਨੂੰ ਠੀਕ ਕਰਨਾ ਹੋਵੇ ਜਾਂ ਕਿਸੇ ਮਸਲੇ ਨੂੰ ਹੱਲ ਤਾਂ ਸਾਨੂੰ ਦਖ਼ਲ ਦੇਣ ਦੀ ਲੋੜ ਮਹਿਸੂਸ ਹੁੰਦੀ ਹੈ। ਤੁਹਾਨੂੰ ਆਪਣੀ ਇੱਜ਼ਤ ਦਾ ਬਹੁਤ ਖ਼ਿਆਲ ਹੈ। ਤੁਸੀਂ ਨਿਮਰਤਾ ਨਾਲ ਮਦਦ ਮੰਗੀ ਜਾਣ ਨੂੰ ਤਰਜੀਹ ਦਿੰਦੇ ਹੋ ਅਤੇ ਦਿੱਤੀ ਗਈ ਸਹਾਇਤਾ ਲਈ ਦੂਜਿਆਂ ਨੂੰ ਅਹਿਸਾਨਮੰਦ ਦੇਖਣਾ ਪਸੰਦ ਕਰਦੇ ਹੋ, ਪਰ ਫ਼ਿਰ ਵੀ ਤੁਸੀਂ ਮਦਦ ਦੀ ਪੇਸ਼ਕਸ਼ ਕਰ ਦਿੰਦੇ ਹੋ, ਕੇਵਲ ਇਸ ਲਈ ਕਿਉਂਕਿ ਮਹੱਤਵਪੂਰਣ ਵਿਸ਼ਿਆਂ ਬਾਰੇ ਗ਼ਲਤਫ਼ਹਿਮੀ ਪੈਦਾ ਹੁੰਦੀ ਦੇਖ ਕੇ ਤੁਹਾਨੂੰ ਜ਼ਾਤੀ ਤੌਰ ‘ਤੇ ਬਹੁਤ ਤਕਲੀਫ਼ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗ਼ਲਤੀ ਕਿੱਥੇ ਹੋਈ। ਤੁਹਾਡੀ ਜੱਜਮੈਂਟ ਵਿੱਚ ਕੋਈ ਨੁਕਸ ਨਹੀਂ, ਪਰ ਤੁਹਾਡੇ ਸੁਹਿਰਦ ਯੋਗਦਾਨ ਤੋਂ ਕੋਈ ਭੈਅਭੀਤ ਜਾਪਦੈ। ਥੌੜ੍ਹਾ ਸਬਰ ਰੱਖੋ।

ਕੀ ਤੁਹਾਨੂੰ ਚੇਤੇ ਹੈ ਕਿ ਚੀਜ਼ਾਂ ਕਿਸ ਤਰ੍ਹਾਂ ਦੀਆਂ ਹੋਇਆ ਕਰਦੀਆਂ ਸਨ? ਉਹ ਮੁੜ ਉਸੇ ਤਰ੍ਹਾਂ ਦੀਆਂ ਕਿਉਂ ਨਹੀਂ ਹੋ ਸਕਦੀਆਂ? ਕਿਉਂਕਿ, ਤੁਸੀਂ ਦੁਹਰਾਓ ਲਈ ਜਿੰਨੇ ਮਰਜ਼ੀ ਤਰਸਦੇ ਹੋਣ ਦਾ ਦਾਅਵਾ ਕਰੋ, ਹਾਲਾਤ ਹੁਣ ਬਦਲ ਚੁੱਕੇ ਹਨ। ਜਦੋਂ ਅਸੀਂ ਅਤੀਤ ਲਈ ਤੜਪਦੇ ਹਾਂ, ਅਸੀਂ ਉਨ੍ਹਾਂ ਘਟਨਾਵਾਂ ਦੇ ਤਜਰਬਿਆਂ ਨੂੰ ਵਿਸਾਰ ਦਿੰਦੇ ਹਾਂ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ ਸੀ। ਬੇਹੱਦ ਭੁੱਖੇ ਹੋਣ ਅਤੇ ਉਸ ਭੋਜਨ ਨੂੰ ਖਾਣ ਦਾ ਤਸੱਵੁਰ ਕਰੋ ਜਿਹੜਾ ਅੱਜ ਤੋਂ ਕੁਝ ਸਾਲ ਪਹਿਲਾਂ ਤੁਸੀਂ ਖਾਧਾ ਸੀ। ਤੁਹਾਨੂੰ ਹੁਣ ਉਹ ਬਿਹਾ ਖਾਣਾ ਨਹੀਂ ਚਾਹੀਦਾ। ਜੇਕਰ ਉਸ ਵਿੱਚੋਂ ਕੁਝ ਹਾਲੇ ਬੱਚਿਆ ਵੀ ਰਹਿ ਗਿਐ ਤਾਂ ਉਹ ਬਹੁਤ ਅਰਸੇ ਦਾ ਖ਼ਰਾਬ ਹੋ ਚੁੱਕੈ! ਤੁਸੀਂ ਉਹੋ ਜਿਹਾ ਹੀ ਕੁਝ, ਪਰ ਤਾਜ਼ਾ ਬਣਿਆ, ਖਾਣਾ ਚਾਹੁੰਦੇ ਹੋ। ਜੇ ਖਾਣ ਲਈ ਕੁਝ ਨਵਾਂ ਹੋਵੇਗਾ ਤਾਂ ਨਿਰਸੰਦੇਹ ਉਹ ਥੋੜ੍ਹਾ ਵੱਖਰਾ ਹੋਵੇਗਾ। ਅਤੀਤ ਤੋਂ ਪ੍ਰੇਰਨਾ ਲਓ, ਪਰ ਉਸ ਦੇ ਗ਼ੁਲਾਮ ਨਾ ਬਣੋ।

ਕੀ ਤੁਹਾਡੇ ਉਦੇਸ਼ ਤੋਂ ਕਿਸੇ ਨੂੰ ਕੋਈ ਦਿੱਕਤ ਹੈ? ਕੀ ਤੁਸੀਂ ਕਿਸੇ ਵਿਵਾਦਿਤ ਟੀਚੇ ਦਾ ਪਿੱਛਾ ਕਰ ਰਹੇ ਹੋ? ਕੁਝ ਹੱਦ ਤਕ, ਇਸ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਚੀਜ਼ ਦੀ ਚੋਣ ਕਰਦੇ ਹੋ, ਕਿਸੇ ਨਾ ਕਿਸੇ ਨੂੰ ਲੱਗੇਗਾ ਕਿ ਤੁਸੀਂ ਗ਼ਲਤ ਚੋਣ ਕੀਤੀ ਹੈ। ਤੁਹਾਨੂੰ, ਕਿਸੇ ਨਾ ਕਿਸੇ ਤਰ੍ਹਾਂ, ਦੋਹੇਂ ਬਣਨ ਦੀ ਲੋੜ ਹੈ, ਨਿਸ਼ਚਿਤ ਅਤੇ ਨਿਆਰਾ। ਜੇਕਰ ਕਿਸੇ ਬਹਿਸ ਤੋਂ ਬੱਚਿਆ ਜਾ ਸਕਦੈ ਤਾਂ ਫ਼ਿਰ ਉਸ ਵਿੱਚ ਪੈਣ ਦੀ ਕੋਈ ਲੋੜ ਨਹੀਂ। ਇਸ ਦੇ ਨਾਲ ਹੀ, ਪਰ, ਤੁਹਾਨੂੰ ਆਪਣੇ ਸੁਪਨੇ ਅਤੇ ਸਿਧਾਂਤਾਂ ਪ੍ਰਤੀ ਵੀ ਸੁਹਿਰਦ ਰਹਿਣਾ ਪੈਣੈ ਜਿਨ੍ਹਾਂ ਦੀ ਤੁਹਾਡੇ ਲਈ ਬਹੁਤ ਮਹੱਤਤਾ ਹੈ। ਇੱਕ ਦੁਰਲਭ ਮੌਕਾ ਤੁਹਾਡੇ ਇੰਤਜ਼ਾਰ ‘ਚ ਹੈ, ਪਰ ਉਸ ਨੂੰ ਬੋਚਣ ਲਈ ਤੁਹਾਨੂੰ ਦਲੇਰ ਬਣਨਾ ਪੈਣੈ।

ਸੱਚੇ ਪ੍ਰੇਮ ਦਾ ਪੰਧ ਕਦੇ ਵੀ ਹਮਵਾਰ ਨਹੀਂ ਹੋਇਆ ਕਰਦਾ। ਇਸੇ ਕਰ ਕੇ, ਵਿਆਹਾਂ ਦੀਆਂ ਰਸਮਾਂ ਵਿੱਚ ਉਨ੍ਹਾਂ ਨੇ ਚੰਗੇ ਜਾਂ ਮੰਦੇ ‘ਚ ਇੱਕ ਦੂਜੇ ਦਾ ਸਾਥ ਦੇਣ ਦੀਆਂ ਕਸਮਾਂ ਰੱਖੀਆਂ ਹੋਈਆਂ ਹਨ। ਪਰ ਉਹ ਸਾਨੂੰ ਇਹ ਕਦੇ ਨਹੀਂ ਦੱਸਦੇ ਕਿ ਕਿੰਨਾ ਮੰਦਾ ਜਾਂ ਕਿੰਨੇ ਚਿਰ ਲਈ। ਸੰਭਵਤਾ, ਜੇਕਰ ਅਸੀਂ ਉਸ ਨੂੰ ਓਨਾ ਚੰਗਾ ਬਣਾਉਣਾ ਚਾਹੁੰਦੇ ਹਾਂ ਜਿੰਨਾ ਵਧੀਆ ਉਹ ਹੋ ਸਕਦੈ ਤਾਂ ਫ਼ਿਰ ਸਾਨੂੰ ਉਹ ਸਭ ਕੁਝ ਸਹਿਣ ਲਈ ਤਿਆਰ ਰਹਿਣਾ ਪੈਣੈ ਜੋ ਸਾਡੇ ਵੱਲ ਉਹ ਸੁੱਟਦੈ। ਪਰ ਇਹ ਕਹਿਣਾ ਜਿੰਨਾ ਸੌਖੈ, ਕਰਨਾ ਓਨਾ ਹੀ ਔਖਾ ਹੈ। ਹਾਲ ਹੀ ਵਿੱਚ ਤੁਹਾਡਾ ਕੋਈ ਅਹਿਮ ਰਿਸ਼ਤਾ ਥੋੜ੍ਹੀਆਂ ਮੁਸ਼ਕਿਲਾਂ ‘ਚੋਂ ਲੰਘਿਆ ਹੈ। ਇਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਰਿਸ਼ਤੇ ਦੀ ਗੱਲ ਹੋ ਸਕਦੀ ਹੈ ਅਤੇ ਨਹੀਂ ਵੀ। ਅਸੀਂ ਕਿਸੇ ਸਥਿਤੀ ਨਾਲ ਤੁਹਾਡੇ ਰਿਸ਼ਤੇ ਬਾਰੇ ਵੀ ਗੱਲ ਕਰ ਰਹੇ ਹੋ ਸਕਦੇ ਹਾਂ। ਜੋ ਕੁਝ ਵੀ ਉਹ ਹੈ, ਉਸ ਵਿੱਚ ਛੇਤੀ ਹੀ ਬਿਹਤਰੀ ਆਉਣ ਵਾਲੀ ਹੈ।