ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊ ਜ਼ੀਲੈਂਡ ਖ਼ਿਲਾਫ਼ T-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਥਕੇਵੇਂ ਦੀ ਗੱਲ ਕਹਿ ਕੇ ਇਸ਼ਾਰਿਆਂ-ਇਸ਼ਾਰਿਆਂ ‘ਚ ਬਹੁਤ ਜ਼ਿਆਦਾ ਕ੍ਰਿਕਟ ਮੈਚਾਂ ਦੇ ਹੋਣ ਦੀ ਸਮੱਸਿਆ ਵੱਲ ਧਿਆਨ ਖਿੱਚਿਆ ਸੀ। ਅਜਿਹਾ ਇਸ ਲਈ ਕਿਉਂਕਿ ਸ਼੍ਰੀ ਲੰਕਾ ਖ਼ਿਲਾਫ਼ T-20 ਅਤੇ ਆਸਟਰੇਲੀਆ ਖ਼ਿਲਾਫ਼ ਵਨ-ਡੇ ਸੀਰੀਜ਼ ਵਿਚਾਲੇ ਸਿਰਫ਼ ਚਾਰ ਦਿਨ ਦਾ ਹੀ ਫ਼ਰਕ ਸੀ। ਦੂਜੇ ਪਾਸੇ, ਆਸਟਰੇਲੀਆ ਖ਼ਿਲਾਫ਼ ਵਨ-ਡੇ ਸੀਰੀਜ਼ ਖ਼ਤਮ ਹੁੰਦੇ ਹੀ ਚਾਰ ਦਿਨਾਂ ਦੇ ਅੰਦਰ ਹੀ ਟੀਮ ਨੂੰ ਨਿਊ ਜ਼ੀਲੈਂਡ ‘ਚ T-20 ਸੀਰੀਜ਼ ਖੇਡਣੀ ਪਈ। ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਵੀ ਬਹੁਤ ਜ਼ਿਆਦਾ ਕ੍ਰਿਕਟ ਖੇਡਣ ਦੀ ਵਜ੍ਹਾ ਕਰ ਕੇ ਟੀ-20 ਫ਼ੌਰਮੈਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਹੁਣ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਨੇ ਸਾਲ 2023 ਤੋਂ ਲੈ ਕੇ 2031 ਤਕ ਦੇ ਕ੍ਰਿਕਟ ਕੈਲੰਡਰ ‘ਚ ਨਵੇਂ ਟੂਰਨਾਮੈਂਟ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਅਜਿਹੇ ‘ਚ ਬਹੁਤ ਜ਼ਿਆਦਾ ਕ੍ਰਿਕਟ ਮੈਚਾਂ ਦੇ ਹੋਣ ਕਾਰਨ ਖਿਡਾਰੀ ਸੱਟ ਦਾ ਸ਼ਿਕਾਰ ਵੀ ਹੋ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਥਕੇਵੇਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ICC ਦੇ ਨਵੇਂ ਟੂਰਨਾਮੈਂਟ ਦੇ ਪ੍ਰਸਤਾਵ ‘ਤੇ ਕ੍ਰਿਕਟ ਬੋਰਡਾਂ ਨੇ ਸਾਫ਼ ਨਹੀਂ ਕੀਤਾ ਰੁਖ਼
ICC ਦੇ ਨਵੇਂ ਪ੍ਰਸਤਾਵ ‘ਚ ਹਰ ਸਾਲ ਮਹਿਲਾ ਅਤੇ ਪੁਰਸ਼ਾਂ ਦਾ ਇੱਕ ਵੱਡਾ ਟੂਰਨਾਮੈਂਟ ਆਯੋਜਿਤ ਕਰਾਇਆ ਜਾਵੇਗਾ। ਵੈਸੇ ਇਸ ਮੁੱਦੇ ‘ਤੇ ਭਾਰਤ, ਇੰਗਲੈਂਡ ਅਤੇ ਆਸਟਰੇਲੀਆ ਦੇ ਵਿਸਥਾਰ ਨਾਲ ਵਿਚਾਰ ਨਹੀਂ ਆਏ। ਹਾਲਾਂਕਿ ਰਿਪੋਰਟਾਂ ਮੁਤਾਬਿਕ, ਹੁਣ ਫ਼ੈਡਰੇਸ਼ਨ ਔਫ਼ ਇੰਰਨੈਸ਼ਨਲ ਕ੍ਰਿਕਟ ਐਸੋਸੀਏਸ਼ਨ ਦੇ ਚੀਫ਼ ਐਗਜ਼ੈਕਟਿਵ ਟੌਮ ਮੋਫ਼ਾਟ ਨੇ ਸਵਾਲ ਚੁੱਕੇ ਕਿ ਪ੍ਰਸਤਾਵਤ ਟੂਰਨਾਮੈਂਟ ਪੂਰੀ ਤਰ੍ਹਾਂ ਨਾਲ ਕਾਰੋਬਾਰੀ ਹਿੱਤਾਂ ‘ਤੇ ਅਧਾਰਿਤ ਹੈ। ਜੇਕਰ ICC ਦਾ ਇਹ ਪ੍ਰਸਤਾਵ ਹਕੀਕਤ ਬਣ ਜਾਂਦਾ ਹੈ ਤਾਂ ਕ੍ਰਿਕਟ ਦੇ ਖੇਡ ‘ਤੇ ਅਜੇ ਤਕ ਦਾ ਸਭ ਤੋਂ ਵੱਡਾ ਖ਼ਤਰਾ ਹੋਵੇਗਾ ਕਿਉਂਕਿ ਇਸ ਨਾਲ ਜ਼ਿਆਦਾਤਰ ਖਿਡਾਰੀ ਕੌਮਾਂਤਰੀ ਕ੍ਰਿਕਟ ਤੋਂ ਦੂਰੀ ਬਣਾ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਫ਼ਿਰ ਹਰ ਸਾਲ 10 ਟੀਮਾਂ ਦਾ ਵੱਡਾ ਟੂਰਨਾਮੈਂਟ ਚੈਂਪੀਅਨਜ਼ ਕੱਪ ਹੋਵੇਗਾ। ਇਸ ਤੋਂ ਇਲਾਵਾ ਵਰਲਡ ਕੱਪ, T-20 ਲੀਗ ਅਤੇ ਦੋ ਪੱਖੀ ਸੀਰੀਜ਼ ਵੀ ਹੋਣਗੀਆਂ। ਅਜਿਹੇ ‘ਚ ਜ਼ਿਆਦਾਰ ਖਿਡਾਰੀ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ IPL ਵਰਗੀ ਲੁਭਾਉਣੀ T-20 ਲੀਗ ਦਾ ਰੁਖ਼ ਕਰ ਸਕਦੇ ਹਨ ਜਿਵੇਂ ਕਿ ਪਹਿਲਾਂ ਵੀ ਹੁੰਦਾ ਰਿਹਾ ਹੈ।