ਨਵੀਂ ਦਿੱਲੀ— ਬਹੁਜਨ ਸਮਾਜ ਪਾਰਟੀ (ਬਸਪਾ) ਚੀਫ ਮਾਇਆਵਤੀ ਨੇ ਵੀਰਵਾਰ ਨੂੰ ਉੱਤਰ-ਪੂਰਬੀ ਦਿੱਲੀ ਦੀ ਹਿੰਸਾ ਨੂੰ 1984 ਵਰਗੀ ਹਿੰਸਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮਾਇਆਵਤੀ ਨੇ ਰਾਸ਼ਟਰੀ ਰਾਜਧਾਨੀ ਦੀ ਕਾਨੂੰਨ ਵਿਵਸਥਾ ’ਚ ਸੁਧਾਰ ਲਈ ਪੁਲਸ ਨੂੰ ਫਰੀ-ਹੈਂਡ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਪੀੜਤਾ ਦੀ ਪੂਰੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ,‘‘ਦੇਸ਼ ਦੀ ਰਾਜਧਾਨੀ ਦੇ ਕੁਝ ਇਲਾਕਿਆਂ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਤਰ੍ਹਾਂ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਬਹੁਤ ਦੁਖਦ ਅਤੇ ਨਿੰਦਾਯੋਗ ਵੀ ਹੈ।’’
ਮਾਇਆਵਤੀ ਨੇ ਕਿਹਾ,‘‘ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਦੰਗਿਆਂ ਦੀ ਆੜ ’ਚ ਜੋ ਹੁਣ ਘਿਨਾਉਣੀ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਨੂੰ ਪੂਰਾ ਦੇਸ਼ ਦੇਖ ਰਿਹਾ ਹੈ, ਉਸ ਤੋਂ ਇੱਥੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜ਼ਰੂਰ ਬਚਣਾ ਚਾਹੀਦਾ।’’ ਉਨ੍ਹਾਂ ਨੇ ਕਿਹਾ,‘‘ਦਿੱਲੀ ਦੰਗਿਆਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਉੱਚ ਪੱਧਰੀ ਜਾਂਚ ਹੋਵੇ। ਨਾਲ ਹੀ, ਇਨ੍ਹਾਂ ਦੰਗਿਆਂ ’ਚ ਹੋਏ ਜਾਨ-ਮਾਲ ਦੇ ਨੁਕਸਾਨ ਦੀ ਕੇਂਦਰ ਅਤੇ ਦਿੱਲੀ ਸਕਾਰ ਮਿਲ ਕੇ ਪੂਰੀ ਭਰਪਾਈ ਕਰੇ। ਇਸ ਮਾਮਲੇ ’ਚ ਰਾਸ਼ਟਰਪਤੀ ਜੀ ਨੂੰ ਵੀ ਜਲਦ ਹੀ ਚਿੱਠੀ ਵੀ ਲਿਖੀ ਜਾਵੇਗੀ।’’
ਮਾਇਆਵਤੀ ਨੇ ਕਿਹਾ ਕਿ ਕਾਨੂੰਨ ਵਿਵਸਥਾ ’ਚ ਸੁਧਾਰ ਲਈ ਪੁਲਸ ਨੂੰ ਫਰੀ-ਹੈਂਡ ਦਿੱਤਾ ਜਾਵੇ। ਪੁਲਸ ਦੇ ਕੰਮ ’ਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ,‘‘ਭਾਜਪਾ ਸਮੇਤ ਹੋਰ ਸਾਰੀਆਂ ਪਾਰਟੀਆਂ ਨੂੰ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਆਪਣੇ ਨੇਤਾਵਾਂ ਵਿਰੁੱਧ ਵੀ ਜ਼ਰੂਰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਨਾਲ ਹੀ, ਉਨ੍ਹਾਂ ਨੂੰ ਬਚਾਇਆ ਨਹੀਂ ਜਾਣਾ ਚਾਹੀਦਾ ਤੇ ਉਨ੍ਹਾਂ ਵਿਰੁੱਧ ਕਾਰਵਾਈ ’ਚ ਪੁਲਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ।’’