ਅਸੀਮ ਚਕਰਵਰਤੀ
ਕਦੋਂ ਕਿਸ ਪ੍ਰੋਗਰਾਮ ਵਿੱਚ ਜਾਣਾ ਹੈ, ਕਿੱਥੇ ਕੀ ਬੋਲਣਾ ਹੈ ਅਤੇ ਕਿਸ ਪਾਰਟੀ ਵਿੱਚ ਜਾ ਕੇ ਕਿੰਨਾ ਸਮਾਂ ਰੁਕਣਾ ਹੈ, ਇਹ ਸਭ ਅਸੀਂ ਖ਼ੁਦ ਤੈਅ ਕਰਦੇ ਹਾਂ, ਪਰ ਫ਼ਿਲਮੀ ਸਿਤਾਰਿਆਂ ਨਾਲ ਅਜਿਹਾ ਬਿਲਕੁਲ ਨਹੀਂ। ਸਿਤਾਰਿਆਂ ਲਈ ਇਹ ਸਾਰਾ ਕੁੱਝ ਉਨ੍ਹਾਂ ਦਾ ਪ੍ਰਚਾਰ ਤੰਤਰ ਯਾਨੀ ਕਿ PRO (ਪਬਲਿਕ ਰਿਲੇਸ਼ਨਜ਼ ਔਫ਼ਿਸ) ਤੈਅ ਕਰਦਾ ਹੈ। ਕਿਸ ਨਾਲ ਘੁਲ ਮਿਲ ਕੇ ਗੱਲ ਕਰਾਂਗੇ ਜਾਂ ਕੀ ਨਹੀਂ ਕਹਾਂਗੇ, ਕਿਸ ਨਜ਼ਦੀਕੀ ਦੇ ਵਿਆਹ ਵਿੱਚ ਜਾਣਾ ਸਹੀ ਹੋਵੇਗਾ ਜਾਂ ਕਿਸ ਦੇ ਨਹੀਂ, ਅਜਿਹੇ ਕਈ ਅਹਿਮ ਮਸਲਿਆਂ ‘ਤੇ ਸਿਤਾਰਿਆਂ ਦਾ ਰਿਮੋਟ ਕੰਟਰੋਲ PRO ਦੇ ਹੱਥ ਵਿੱਚ ਹੁੰਦਾ ਹੈ। ਕਰੋੜਾਂ ਰੁਪਏ ਕਮਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੇ ਜੀਵਨ ਦੇ ਛੋਟੇ ਛੋਟੇ ਫ਼ੈਸਲਿਆਂ ਲਈ ਕਿਸੇ ਹੋਰ ‘ਤੇ ਨਿਰਭਰ ਕਰਨਾ ਪੈਂਦਾ ਹੈ। ਇਹ PR ਹੀ ਹੈ ਜੋ ਉਨ੍ਹਾਂ ਨੂੰ ਸਟਾਰ ਬਣਾਉਣ ਤੋਂ ਲੈ ਕੇ ਸਟਾਰਡਮ ਬਣਾ ਕੇ ਰੱਖਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।
ਫ਼ਿਲਮੀ ਸਿਤਾਰੇ ਆਪਣੇ ਸਟਾਰਡਮ ਨੂੰ ਕਾਇਮ ਰੱਖਣ ਲਈ ਆਪਣੇ ਪੂਰੇ ਕਰੀਅਰ ਦਾ ਰੀਮੋਟ ਕੰਟਰੋਲ ਕਿਸੇ ਹੋਰ ਨੂੰ ਹੈਂਡਓਵਰ ਕਰ ਕੇ ਰੱਖਦੇ ਹਨ। ਇਹ ਉਹ ਸ਼ਖ਼ਸ ਹੁੰਦਾ ਹੈ ਜੋ ਪੂਰੀ ਚਤਰਾਈ ਨਾਲ ਤੁਹਾਡੇ ਕਰੀਅਰ ਗ੍ਰਾਫ਼ ਵਿੱਚ ਇੱਕ ਸੰਤੁਲਨ ਬਣਾ ਕੇ ਰੱਖਦਾ ਹੈ। ਉਸ ਨੂੰ ਸਿਤਾਰਿਆਂ ਦਾ ਨਿੱਜੀ PRO ਕਹਿੰਦੇ ਹਨ।
ਫ਼ਿਲਮ ਇੰਡਸਟਰੀ ਵਿੱਚ PRO ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਫ਼ਿਲਮ ਦਾ PR ਯਾਨੀ ਕਿਸੇ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰਚਾਰ ਦੀ ਪੂਰੀ ਜ਼ਿੰਮੇਵਾਰੀ ਉਸ PRO ਦੀ ਹੁੰਦੀ ਹੈ। ਦੂਜਾ ਹੁੰਦਾ ਹੈ ਨਿੱਜੀ PRO। ਨਿੱਜੀ PR ਜਗਤ ਬਾਰੇ ਵਿਸਥਾਰ ਨਾਲ ਜਾਣਨਾ ਜ਼ਰੂਰੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ਾਹਰੁਖ਼ ਖ਼ਾਨ, ਅਕਸ਼ੇ ਕੁਮਾਰ, ਆਮਿਰ ਖ਼ਾਨ, ਰਣਵੀਰ ਸਿੰਘ ਤੋਂ ਸ਼ੁਰੂ ਕਰ ਕੇ ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ, ਆਲੀਆ ਭੱਟ, ਕੰਗਨਾ ਰਣੌਤ ਤਕ ਸਾਰੇ ਆਪਣੇ ਨਿੱਜੀ ਸਕੱਤਰਾਂ ਬਿਨਾਂ ਅਧੂਰੇ ਹਨ। ਇੰਡਸਟਰੀ ਦੇ ਕਈ ਦਿੱਗਜ ਸਿਤਾਰਿਆਂ ਨੂੰ ਇਹ ਨਿੱਜੀ PROs ਪੂਰੇ ਨਿਯੰਤਰਣ ਵਿੱਚ ਰੱਖਦੇ ਹਨ।
ਜਬ ਵੀ ਮੈੱਠ ਦੇ ਇੱਕ ਅਰਸੇ ਬਾਅਦ ਕਬੀਰ ਸਿੰਘ ਦੀ ਭਾਰੀ ਸਫ਼ਲਤਾ ਨੇ ਸ਼ਾਹਿਦ ਕਪੂਰ ਨੂੰ ਸਟਾਰਡਮ ਦੇ ਇੱਕ ਅਲੱਗ ਮੁਕਾਮ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਹੀ ਵਜ੍ਹਾ ਹੈ ਕਿ ਹੁਣ ਉਹ ਆਪਣੇ PRO ਦੇ ਬਹੁਤ ਕਰੀਬ ਹੈ। ਚੰਡੀਗੜ੍ਹ ਵਿੱਚ ਆਪਣੀ ਇੱਕ ਹੋਰ ਅਹਿਮ ਫ਼ਿਲਮ ਜਰਜ਼ੀ ਦੀ ਸ਼ੂਟਿੰਗ ਦੌਰਾਨ ਉਸ ਨੂੰ ਆਪਣੇ ਮਜ਼ਬੂਤ ਪ੍ਰਚਾਰ ਤੰਤਰ ਦਾ ਭਰਪੂਰ ਸਹਾਰਾ ਮਿਲਿਆ। ਸ਼ਾਹਿਦ ਉਂਝ ਵੀ ਘੱਟ ਫ਼ਿਲਮਾਂ ਕਰਦਾ ਹੈ। ਹੁਣ ਤਾਂ ਉਹ ਹੋਰ ਵੀ ਜ਼ਿਆਦਾ ਚੁਣ ਕੇ ਫ਼ਿਲਮਾਂ ਕਰਦਾ ਹੈ। ਅਜਿਹੇ ਵਿੱਚ ਉਸ ਦਾ PRO ਉਸ ਨੂੰ ਸਿਰਫ਼ ਪ੍ਰਚਾਰ ਵਿੱਚ ਰੱਖਣ ਲਈ ਉਸ ਦੀ ਫ਼ਿਟਨੈੱਸ ਅਤੇ ਉਸ ਦੇ ਪਰਿਵਾਰ ਅਤੇ ਬਾਕੀ ਗਤੀਵਿਧੀਆਂ ਦੀਆਂ ਖ਼ਬਰਾਂ ਪਰੋਸਦਾ ਰਹਿੰਦਾ ਹੈ। ਹੱਦ ਤਾਂ ਓਦੋਂ ਹੋ ਜਾਂਦੀ ਹੈ ਜਦੋਂ ਮੀਡੀਆ ਉਸ ਦੀ ਪਤਨੀ ਅਤੇ ਬੇਟੀ-ਬੇਟੇ ਨਾਲ ਜੁੜੀਆਂ ਖ਼ਬਰਾਂ ਨੂੰ ਵੀ ਉਭਾਰਨ ਲੱਗਦਾ ਹੈ। ਅਜਿਹੇ ਵਿੱਚ ਜਦੋਂ ਸ਼ਾਹਿਦ ਜਰਜ਼ੀ ਵਰਗੀ ਫ਼ਿਲਮ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਸ ਦਾ PRO ਉਸ ਦੇ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡਦਾ।
ਪਿਛਲੇ ਦਿਨਾਂ ਵਿੱਚ ਕਰੀਨਾ ਕਪੂਰ ਦੀ ਫ਼ਿਲਮ ਗੁੱਡ ਨਿਊਜ਼ ਨੇ ਠੀਕ ਠਾਕ ਬਿਜ਼ਨਸ ਕੀਤਾ ਸੀ, ਪਰ ਉਸ ਦੀ ਸਫ਼ਲਤਾ ਦਾ ਸਾਰਾ ਸਿਹਰਾ ਟਿਕਟ ਖਿੜਕੀ ਦੇ ਚਲਾਕ ਖਿਡਾਰੀ ਅਕਸ਼ੇ ਕੁਮਾਰ ਨੂੰ ਹੀ ਮਿਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਰੀਨਾ ਇਸ ਸਮੇਂ ਇੱਕ ਬੀਤ ਚੁੱਕੀ ਅਭਿਨੇਤਰੀ ਹੈ, ਪਰ ਉਸ ਦਾ PR ਬਹੁਤ ਮਜ਼ਬੂਤ ਹੈ ਜਿਸ ਦੀ ਮਿਹਰਬਾਨੀ ਨਾਲ ਅੱਜ ਵੀ ਕੁੱਝ ਵੱਡੇ ਇਸ਼ਤਿਹਾਰ ਉਸ ਕੋਲ ਹਨ। ਜਦੋਂਕਿ ਸਾਰੇ ਜਾਣਦੇ ਹਨ ਕਿ ਬਤੌਰ ਅਭਿਨੇਤਰੀ ਕਰੀਨਾ ਬਹੁਤ ਪਿੱਛੇ ਜਾ ਚੁੱਕੀ ਹੈ। ਵਧਦੀ ਉਮਰ ਦੇ ਨਾਲ ਕਰੀਨਾ ਜਾਣਦੀ ਹੈ ਕਿ ਜੇਕਰ ਕਰੀਅਰ ਦੀ ਗੱਡੀ ਨੂੰ ਲੀਹ ਤੋਂ ਉਤਰਨ ਨਹੀਂ ਦੇਣਾ ਤਾਂ PR ਦੀ ਮਦਦ ਕਦਮ ਕਦਮ ‘ਤੇ ਲੈਣੀ ਪਵੇਗੀ।
ਸੋਨਮ ਕਪੂਰ ਨੂੰ ਸ਼ੁਰੂ ਤੋਂ ਹੀ ਇੱਕ ਫ਼ਲੌਪ ਅਭਿਨੇਤਰੀ ਮੰਨਿਆ ਗਿਆ ਹੈ, ਪਰ ਉਹ ਹੈ ਕਿ ਇਸ ਗੱਲ ਨੂੰ ਕਦੇ ਵੀ ਕਬੂਲ ਨਹੀਂ ਕਰਦੀ, ਪਰ ਇਸ਼ਤਿਹਾਰਾਂ ਵਿੱਚ ਉਹ ਜ਼ਰੂਰ ਨਜ਼ਰ ਆਉਂਦੀ ਰਹਿੰਦੀ ਹੈ। ਉਸ ਦਾ PR ਬਹੁਤ ਮਜ਼ਬੂਤ ਹੈ ਜੋ ਫ਼ਿਲਮਾਂ ਤੋਂ ਉਸ ਦੀ ਵਿਦਾਈ ਤੋਂ ਬਾਅਦ ਵੀ ਸਰਗਰਮ ਹੈ। ਆਲਮ ਇਹ ਹੈ ਕਿ ਅੱਜ ਵੀ ਉਸ ਦੇ ਮੁੰਬਈ ਵਿੱਚ ਆਉਣ ‘ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਪ੍ਰਚਾਰ ਕਰਦਾ ਰਹਿੰਦਾ ਹੈ। ਉਸ ਬਾਰੇ ਇਹ ਮਸ਼ਹੂਰ ਹੈ ਕਿ ਉਹ ਸੈਟਿੰਗ ਚੰਗੀ ਕਰ ਲੈਂਦੀ ਹੈ ਜਿਸ ਦੇ ਚੱਲਦੇ ਸੋਨਮ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।
ਕਰਿਸ਼ਮਾ ਕਪੂਰ ਦੀ ਆਖ਼ਰੀ ਰਿਲੀਜ਼ ਫ਼ਿਲਮ ਸੀ ਡੇਂਜਰਸ ਇਸ਼ਕ। 2012 ਦੀ ਇਸ ਫ਼ਿਲਮ ਤੋਂ ਬਾਅਦ ਉਸ ਨੇ ਕੈਮਰੇ ਦਾ ਸਾਹਮਣਾ ਨਹੀਂ ਕੀਤਾ, ਪਰ ਭੈਣ ਕਰੀਨਾ ਦੀ ਤਰ੍ਹਾਂ ਉਸ ਦਾ ਪ੍ਰਚਾਰ ਤੰਤਰ ਵੀ ਬਹੁਤ ਮਜ਼ਬੂਤ ਹੈ। ਇਹ ਉਸ ਦੇ PR ਦਾ ਹੀ ਕਮਾਲ ਹੈ ਕਿ ਉਸ ਬਾਰੇ ਅਕਸਰ ਇਹ ਸੁਣਨ ਨੂੰ ਮਿਲਦਾ ਰਹਿੰਦਾ ਹੈ ਕਿ ਫ਼ਲਾਣੀ ਫ਼ਿਲਮ ਵਿੱਚ ਉਸ ਦੇ ਕੰਮ ਕਰਨ ਦੀ ਗੱਲ ਚੱਲ ਰਹੀ ਹੈ, ਪਰ ਉਸ ਦੀ ਕੋਈ ਫ਼ਿਲਮ ਫ਼ਾਈਨਲ ਨਹੀਂ ਹੁੰਦੀ। ਸੂਤਰ ਦੱਸਦੇ ਹਨ ਕਿ ਕਰਿਸ਼ਮਾ ਥੋੜ੍ਹੇ ਸਮੇਂ ਬਾਅਦ ਆਪਣੇ ਮੀਡੀਆ ਮੈਨੇਜਰ ਵੀ ਬਦਲਦੀ ਰਹਿੰਦੀ ਹੈ। ਇੱਕ ਵਾਰ ਉਸ ਦੇ ਮੀਡੀਆ ਮੈਨੇਜਰ ਦੀ ਅਣਗਹਿਲੀ ਨਾਲ ਉਸ ਦੇ ਪ੍ਰੇਮ ਪ੍ਰਸੰਗ ਦੀ ਖ਼ਬਰ ਬਹੁਤ ਫ਼ੈਲ ਗਈ ਸੀ।
ਅਦਾਕਾਰ ਆਯੂਸ਼ਮਾਨ ਖੁਰਾਣਾ ਆਪਣੇ ਸਟਾਰਡਮ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਚੱਲਣਾ ਚਾਹੁੰਦਾ ਹੈ। ਉਸ ਦਾ PRO ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਸੁਰਖ਼ੀਆਂ ਵਿੱਚ ਰੱਖਦਾ ਹੈ। ਖ਼ਾਸ ਤੌਰ ‘ਤੇ ਫ਼ਿਲਮ ‘ਬਾਲਾ ‘ਦੇ ਬਾਅਦ ਉਸ ਦਾ ਸਟਾਰਡਮ ਕਾਫ਼ੀ ਵਧਿਆ ਹੈ। ਉਸ ਦੀ ਨਵੀਂ ਫ਼ਿਲਮ ਗੁਲਾਬੋ-ਸਿਤਾਬੋ ਨੂੰ ਉਸ ਦਾ PRO ਖ਼ਾਸ ਢੰਗ ਨਾਲ ਪ੍ਰਚਾਰ ਕਰ ਰਿਹਾ ਹੈ। ਆਯੂਸ਼ਮਾਨ ਕਹਿੰਦਾ ਹੈ, ”ਮੈਂ ਇੱਕ ਅਦਾਕਾਰ ਦੇ ਤੌਰ ‘ਤੇ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੁੰਦਾ ਹਾਂ। ਇਸ ਲਈ ਬਹੁਤ ਜ਼ਿਆਦਾ ਸੁਰਖੀਆਂ ਮੈਨੂੰ ਪਸੰਦ ਨਹੀਂ।” ਉਸ ਦਾ PRO ਉਸ ਦੀ ਇਸ ਭਾਵਨਾ ਦਾ ਕਾਫ਼ੀ ਧਿਆਨ ਰੱਖਦਾ ਹੈ। ਉਹ ਕੋਈ ਸ਼ਾਹਰੁਖ਼, ਸਲਮਾਨ ਵਾਂਗ ਵੱਡੀ ਹਸਤੀ ਨਹੀਂ, ਪਰ ਕਈ ਵਾਰ ਆਪਣੇ ਸਬੰਧਾਂ ਕਾਰਨ ਉਹ ਕਈ ਵੱਡੇ ਮੌਕਿਆਂ ਨੂੰ ਆਸਾਨੀ ਨਾਲ ਹਾਸਿਲ ਕਰ ਲੈਂਦਾ ਹੈ। ਨਿਸ਼ਚਿਤ ਤੌਰ ‘ਤੇ ਇਹ ਸਿਰਫ਼ ਉਸ ਦੇ PRO ਦਾ ਹੀ ਕਮਾਲ ਹੈ।
ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕਰੀਅਰ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਲਈ ਹੁਣ ਵੱਡੇ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ ਹੈ। ਕਈ ਫ਼ਿਲਮ ਨਿਰਮਾਤਾ ਜਿੱਥੇ ਉਸ ਤੋਂ ਭੱਜਦੇ ਫ਼ਿਰਦੇ ਸਨ, ਉੱਥੇ ਸ਼ਾਹਰੁਖ਼ ਨੇ ਆਪਣੇ ਬੈਨਰ ਦੀਆਂ ਤਿੰਨ ਫ਼ਿਲਮਾਂ ਲਈ ਉਸ ਨੂੰ ਲਿਆ ਹੈ। ਇਹੀ ਵਜ੍ਹਾ ਹੈ ਕਿ ਹੁਣ ਸਿਰਫ਼ ਉਸ ਦਾ PRO ਹੀ ਨਹੀਂ ਬਲਕਿ ਸ਼ਾਹਰੁਖ਼ ਦਾ PRO ਵੀ ਉਸ ਨੂੰ ਬਿਲਕੁਲ ਨਵੇਂ ਅੰਦਾਜ਼ ਵਿੱਚ ਮੀਡੀਆ ਸਾਹਮਣੇ ਪੇਸ਼ ਕਰ ਰਿਹਾ ਹੈ। ਉਸ ਦੀ ਮੁਸ਼ਕਿਲ ਇਹ ਹੈ ਕਿ ਉਸ ਦੀਆਂ ਫ਼ਿਲਮਾਂ ‘ਤੇ ਰਿਲੀਜ਼ ਤੋਂ ਪਹਿਲਾਂ ਹੀ ਫ਼ਲੌਪ ਦਾ ਠੱਪਾ ਲੱਗ ਜਾਂਦਾ ਹੈ ਜਿਸਨੂੰ ਹੁਣ ਉਸ ਦਾ PRO ਸਭ ਤੋਂ ਪਹਿਲਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਉਣ ਵਾਲੀਆਂ ਉਸ ਦੀਆਂ ਤਿੰਨ ਫ਼ਿਲਮਾਂ ਵਿੱਚ ਉਸ ਦਾ ਕਿਰਦਾਰ ਅਜਿਹਾ ਹੈ ਜਿਸਨੂੰ ਆਮ ਦਰਸ਼ਕ ਆਸਾਨੀ ਨਾਲ ਕਬੂਲ ਕਰ ਲੈਂਦਾ ਹੈ। ਦੂਜੇ ਪਾਸੇ ਉਸ ਦਾ PRO ਉਸ ਨਾਲ ਜੁੜੀਆਂ ਚੋਣਵੀਆਂ ਖ਼ਬਰਾਂ ਹੀ ਮੀਡੀਆ ਤਕ ਪਹੁੰਚਾ ਰਿਹਾ ਹੈ।
ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ਼, ਐਸ਼ਵਰਿਆ, ਆਮਿਰ, ਅਨੁਸ਼ਕਾ, ਦੀਪਿਕਾ, ਰਣਵੀਰ ਸਿੰਘ, ਅਕਸ਼ੇ ਕੁਮਾਰ ਸਮੇਤ ਅਨੇਕ ਸਿਤਾਰਿਆਂ ਦੇ ਪੀਆਰ ਪਿੱਛੇ ਪੇਡ ਨਿਊਜ਼ ਇੱਕ ਅਹਿਮ ਰੋਲ ਅਦਾ ਕਰਦੀ ਹੈ। ਇਸ ਬਾਰੇ ਵਿਸਥਾਰਤ ਜਾਂਚ ਕਰਨ ‘ਤੇ ਕਈ ਮੀਡੀਆ ਹਾਊਸ ਸ਼ੱਕ ਦੇ ਦਾਇਰੇ ਵਿੱਚ ਆ ਸਕਦੇ ਹਨ। ਇੱਕ ਚੰਗੀ ਗੱਲ ਇਹ ਹੈ ਕਿ ਕਈ ਵੱਡੇ ਮੀਡੀਆ ਗਰੁੱਪਾਂ ਨੇ ਇਸ ਮਾਮਲੇ ਵਿੱਚ ਇਮਾਨਦਾਰੀ ਵਰਤੀ ਹੈ। ਉਹ ਆਪਣੇ ਫ਼ਿਲਮੀ ਪੰਨੇ ‘ਤੇ ਬਾਕਾਇਦਾ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਉਨ੍ਹਾਂ ਦੇ ਇਨ੍ਹਾਂ ਪੰਨਿਆਂ ‘ਤੇ ਛਪੀ ਕੁੱਝ ਫ਼ਿਲਮੀ ਸਮੱਗਰੀ ਦੀ ਸੱਚਾਈ ਦੀ ਜ਼ਿੰਮੇਵਾਰੀ ਉਹ ਨਹੀਂ ਲੈਂਦੇ। ਸਪੱਸ਼ਟ ਹੈ ਕਿ ਇਹ ਸਬੰਧਤ ਸਟਾਰ ਦੇ PRO ਵਲੋਂ ਕੀਤਾ ਜਾਂਦਾ ਹੈ। ਉਂਝ ਵੀ ਪ੍ਰਚਾਰ ਦੇ ਇਸ ਖੇਡ ਵਿੱਚ ਸਿਤਾਰੇ ਸਾਰੇ ਜਾਇਜ਼ ਹਥਿਆਰਾਂ ਦਾ ਸਫ਼ਲ ਪ੍ਰੀਖਣ ਕਰਨ ਲਈ ਆਜ਼ਾਦ ਹਨ।