ਨਵੀਂ ਦਿੱਲੀ – ਦੁਨੀਆਂ ਦੇ ਨੰਬਰ-1 ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਨਿਊ ਜ਼ੀਲੈਂਡ ਦੌਰੇ ‘ਤੇ ਬੱਲੇ ਨਾਲ ਰਹੀ ਨਾਕਾਮੀ ਟੀਮ ਇੰਡੀਆ ‘ਤੇ ਭਾਰੂ ਪੈ ਰਹੀ ਹੈ। ਵਿਰਾਟ ਨਿਊ ਜ਼ੀਲੈਂਡ ਦੌਰੇ ‘ਚ ਆਪਣੇ ਮਿਆਰ ਤੋਂ ਕੋਹਾਂ ਦੂਰ ਹੈ। ਇਹੀ ਵਜਾ ਹੈ ਕਿ ਟੀਮ ਇੰਡੀਆ ਨੂੰ ਵਨ ਡੇ ਸੀਰੀਜ਼ ਵਿੱਚ 0-3 ਨਾਲ ਅਤੇ ਵੈਲਿੰਗਟਨ ਵਿੱਚ ਪਹਿਲੇ ਟੈਸਟ ਵਿੱਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਨੇ T-20 ਸੀਰੀਜ਼ 5-0 ਦੇ ਰਿਕਾਰਡ ਅੰਤਰ ਨਾਲ ਜਿੱਤੀ ਸੀ। ਉਸ ਸਮੇਂ ਟੀਮ ਵਿੱਚ ਰੋਹਿਤ ਸ਼ਰਮਾ ਵਰਗੇ ਤਜ਼ੁਰਬੇਕਾਰ ਮੌਜੂਦ ਸਨ ਜੋ ਟੀਮ ਨੂੰ ਸੰਭਾਲ ਰਹੇ ਸਨ।
ਵਿਰਾਟ ਨੇ ਇਸ ਦੌਰੇ ਵਿੱਚ T-20 ਸੀਰੀਜ਼ ਵਿੱਚ 45,11, 38 ਅਤੇ 11 ਦੌੜਾਂ, ਵਨ ਡੇ ਸੀਰੀਜ਼ ਵਿੱਚ 51, 15 ਅਤੇ 9 ਦੌੜਾਂ ਅਤੇ ਪਹਿਲੇ ਟੈੱਸਟ ਮੈਚ ਵਿੱਚ 2 ਅਤੇ 19 ਦੌੜਾਂ ਬਣਾਈਆਂ। ਇਹ ਸਕੋਰ ਉਸ ਬੱਲੇਬਾਜ਼ ਦੇ ਵੱਕਾਰ ਨਾਲ ਮੇਲ ਨਹੀਂ ਖਾਂਦੇ ਜਿਸ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੋਵੇ। ਹਾਲਾਂਕਿ ਵੈਲਿੰਗਟਨ ਵਿੱਚ ਸਵਾ 3 ਦਿਨ ਵਿੱਚ ਮੈਚ 10 ਵਿਕਟਾਂ ਨਾਲ ਹਾਰਨ ਤੋਂ ਬਾਅਦ ਵਿਰਾਟ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਸੀ ਕਿ ਇੱਕ ਹਾਰ ਨਾਲ ਟੀਮ ਖ਼ਰਾਬ ਨਹੀਂ ਹੋ ਜਾਂਦੀ, ਅਤੇ ਸਿਰਫ਼ ਸਕੋਰ ਨਾਲ ਉਸ ਦੀ ਬੱਲੇਬਾਜ਼ੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਉਸ ਨੇ ਕਿਹਾ ਸੀ ਕਿ ਉਸ ਦੀ ਬੱਲੇਬਾਜ਼ੀ ਠੀਕ ਹੈ ਅਤੇ ਕੁਝ ਸਮਾਂ ਹੀ ਕ੍ਰੀਜ਼ ‘ਤੇ ਗੁਜ਼ਾਰਨ ਦੀ ਗੱਲ ਹੈ। ਇਹ ਦਿਲਚਸਪ ਹੈ ਕਿ ਵਨ ਡੇ ਸੀਰੀਜ਼ ਵਿੱਚ ਵਿਰਾਟ ਦਾ ਬੱਲਾ ਲਗਭਗ ਖ਼ਾਮੋਸ਼ ਹੀ ਰਿਹਾ। ਇਸ ਦੇ ਬਾਵਜੂਦ ਉਹ ਹੈਮਿਲਟਨ ਵਿੱਚ ਨਿਊ ਜ਼ੀਲੈਂਡ ਇਲੈਵਨ ਖ਼ਿਲਾਫ਼ ਬੱਲੇਬਾਜ਼ੀ ਅਭਿਆਸ ਕਰਨ ਨਹੀਂ ਉਤਰਿਆ। ਵਿਰਾਟ ਨੇ ਇਸ ਤੋਂ ਪਹਿਲਾਂ ਕੋਲਕਾਤਾ ਵਿੱਚ ਬੰਗਲਾਦੇਸ਼ ਖ਼ਿਲਾਫ਼ ਦਿਨ-ਰਾਤ ਟੈੱਸਟ ਵਿੱਚ 136 ਦੌੜਾਂ ਬਣਾਈਆਂ ਸਨ ਜਦਕਿ ਇੰਦੌਰ ਵਿੱਚ ਉਹ ਬੰਗਲਾਦੇਸ਼ ਖ਼ਿਲਾਫ਼ ਖਾਤਾ ਖੋਲੇ ਬਿਨਾ ਹੀ ਆਊਟ ਹੋ ਗਿਆ ਸੀ। ਉਸ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਘਰੇਲੂ ਸੀਰੀਜ਼ ਵਿੱਚ ਵਿਸ਼ਾਖਾਪਟਨਮ ਵਿੱਚ 20 ਅਤੇ ਅਜੇਤੂ 31 ਅਤੇ ਪੂਣੇ ਵਿੱਚ ਅਜੇਤੂ 254 ਦੌੜਾਂ ਦੀ ਆਪਣੀ ਸਰਵਸ਼੍ਰੇਸ਼ਠ ਪਾਰੀ ਖੇਡੀ ਸੀ। ਵਿਦੇਸ਼ੀ ਜ਼ਮੀਨ ‘ਤੇ ਭਾਰਤੀ ਬੱਲੇਬਾਜ਼ਾਂ ਨੂੰ ਹਮੇਸ਼ਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਦੁਨੀਆ ਦੇ ਨੰਬਰ-1 ਬੱਲੇਬਾਜ਼ ਸਸਤੇ ਵਿੱਚ ਆਊਟ ਹੋ ਜਾਵੇ ਤਾਂ ਟੀਮ ‘ਤੇ ਦਬਾਅ ਵੱਧ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਕੁਝ ਭਾਰਤੀ ਟੀਮ ਨਾਲ ਵੈਲਿੰਗਟਨ ਵਿੱਚ ਹੋਇਆ। ਦੋਨੋਂ ਓਪਨਰ ਪ੍ਰਿਥਵੀ ਸ਼ਾਹ ਅਤੇ ਮਯੰਕ ਅਗਰਵਾਲ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ ਅਤੇ ਟੀਮ ਦੇ ਸਭ ਤੋਂ ਵਿਸ਼ਵਾਸਯੋਗ ਬੱਲੇਬਾਜ਼ ਚੇਤੇਸ਼ਵ ਪੁਜਾਰਾ ਦਾ ਸਸਤੇ ਵਿੱਚ ਆਊਟ ਹੋਣ ਕਾਰਨ ਟੀਮ ‘ਤੇ ਦਬਾਅ ਵੱਧ ਗਿਆ। ਪੁਜਾਰਾ ਨੇ ਪਹਿਲੀ ਪਾਰੀ ਵਿੱਚ 11 ਅਤੇ ਦੂਜੀ ਪਾਰੀ ਵਿੱਚ ਵੀ 11 ਦੌੜਾਂ ਬਣਾਈਆਂ।