ਇਸਲਾਮਾਬਾਦ- ਆਧੁਨਿਕ ਅਮਰੀਕੀ ਹੈਲੀਕਾਪਟਰ ਸਪਲਾਈ ਦੇ ਲਈ ਭਾਰਤ ਤੇ ਅਮਰੀਕਾ ਦੇ ਵਿਚਾਲੇ 30 ਲੱਖ ਡਾਲਰ ਦੇ ਰੱਖਿਆ ਸੌਦੇ ਕਾਰਨ ਪਾਕਿਸਤਾਨ ਨੂੰ ਚਿੰਤਾ ਲੱਗ ਗਈ ਹੈ ਤੇ ਉਸ ਨੇ ਕਿਹਾ ਕਿ ਇਸ ਕਾਰਨ ਪਹਿਲਾਂ ਤੋਂ ਹੀ ਆਸ਼ਾਂਤ ਇਲਾਕੇ ਵਿਚ ਹੋਰ ਅਸਥਿਰਤਾ ਵਧੇਗੀ।
ਵਿਦੇਸ਼ ਵਿਭਾਗ ਦੇ ਬੁਲਾਰਨ ਆਇਸ਼ਾ ਫਾਰੁਕੂ ਨੇ ਇਥੇ ਹਫਤਾਵਾਰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਸੌਦੇ ਨਾਲ ਪਹਿਲਾਂ ਤੋਂ ਅਸ਼ਾਂਤ ਖੇਤਰ ਵਿਚ ਅਸਥਿਰਤਾ ਹੋਰ ਵਧੇਗੀ। ਸਿਰਫ ਪਾਕਿਸਤਾਨ ਨੂੰ ਲੈ ਕੇ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਦੇ ਲਈ ਵੀ ਭਾਰਤ ਦੇ ਹਮਲਾਵਰ ਰਵੱਈਏ ਬਾਰੇ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਈ ਵਾਰ ਸੁਚੇਤ ਕੀਤਾ ਹੈ।
ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦੂਰ ਕਰਨ ਵਿਚ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਦਾ ਵੀ ਸਵਾਗਤ ਕੀਤਾ ਤੇ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਨੇ ਅੱਤਵਾਦ ਦੇ ਖਿਲਾਫ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਫਾਰੁਕੀ ਨੇ ਕਿਹਾ ਕਿ ਟਰੰਪ ਦੀ ਟਿਪਣੀ ਨਾਲ ਪਤਾ ਲੱਗਦਾ ਹੈ ਕਿ ਪਾਕਿਸਤਾਨ-ਅਮਰੀਕਾ ਦੇ ਸਬੰਧ ਹੋਰ ਅੱਗੇ ਵਧ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ‘ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਨੇ ਅਮਰੀਕਾ ਨੂੰ ਇਹ ਦੱਸ ਦਿੱਤਾ ਕਿ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੇ ਦੋ-ਪੱਖੀ ਮਾਮਲਾ ਹੈ ਤੇ ਵਿਚੋਲਗੀ ਲਈ ਕਿਸੇ ਤੀਜੇ ਪੱਖ ਦੀ ਲੋੜ ਨਹੀਂ ਹੈ।