ਦੁਨੀਆ ਭਰ ‘ਚ ‘ਕੋਰੋਨਾਵਾਇਰਸ ‘ਦਾ ਖ਼ੌਫ਼ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਇਸ ਦਾ ਅਸਰ ਪੰਜਾਬੀ ਫ਼ਿਲਮਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਦੋ ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਸਨ ਜਿਨ੍ਹਾਂ ਨੂੰ ਹੁਣ ਕੋਰੋਨਾਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ। 13 ਮਾਰਚ ਨੂੰ ਡਾ. ਸਤਿੰਦਰ ਸਰਤਾਜ ਦੀ ਫ਼ਿਲਮ ਇੱਕੋ-ਮਿੱਕੇ ਅਤੇ ਅਮਰਿੰਦਰ ਗਿੱਲ ਦੀ ਫ਼ਿਲਮ ਚੱਲ ਮੇਰਾ ਪੁੱਤ 2 ਰਿਲੀਜ਼ ਹੋਈਆਂ ਸਨ। ਕੋਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿਮ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਹੈ।
ਪੰਜਾਬ ਦੇ ਸਿਨੇਮਾਘਰਾਂ ‘ਚ ਲੱਗੀਆਂ ਇਨ੍ਹਾਂ ਦੋਹਾਂ ਫ਼ਿਲਮਾਂ ਨੂੰ ਪਹਿਲੇ ਦਿਨ ਚੰਗੇ ਦਰਸ਼ਕ ਨਸੀਬ ਹੋਏ ਸਨ, ਪਰ ਹੁਣ ਲੱਗਦਾ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸਿਨੇਮਾ ਹਾਲਾਂ ਨੂੰ ਬੰਦ ਕਰਨ ਦੇ ਹੁਕਮ ਕਾਰਨ ਇਨ੍ਹਾਂ ਫ਼ਿਲਮਾਂ ਨੂੰ ਕੋਰੋਨਾਵਾਇਰਸ ਦੀ ਮਾਰ ਝੱਲਣੀ ਪਵੇਗੀ। ਸਿਨੇਮਾ ਹਾਲ ਬੰਦ ਕਰਨ ਦੇ ਹੁਕਮ ਨਾਲ ਫ਼ਿਲਮ ਪ੍ਰੋਡਿਊਸਰਾਂ ਨੂੰ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ, ਪਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਰਕਾਰ ਵਲੋਂ ਇਹ ਕਦਮ ਉਠਾਇਆ ਗਿਆ ਹੈ। ਫ਼ਿਲਮਾਂ ਨਾਲ ਸਬੰਧਤ ਵਿਅਕਤੀਆਂ ਵਲੋਂ ਫ਼ਿਲਹਾਲ ਇਨ੍ਹਾਂ ਫ਼ਿਲਮਾਂ ਨੂੰ ਭਵਿੱਖ ‘ਚ ਰਿਲੀਜ਼ ਕਰਨ ਜਾਂ ਚੱਲ ਰਹੇ ਸ਼ੋਅਜ਼ ਬੰਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਦੱਸਣਯੋਗ ਹੈ ਕਿ 13 ਮਾਰਚ ਨੂੰ ਰਿਲੀਜ਼ ਹੋਈਆਂ ਇੱਕੋ ਮਿੱਕੇ ਅਤੇ ਚੱਲ ਮੇਰਾ ਪੁੱਤ 2 ਤੋਂ ਇਲਾਵਾ ਪੰਜਾਬ ਦੇ ਸਿਨੇਮਾਘਰਾਂ ‘ਚ ਜੋਰਾ: ਦਾ ਸੈਕਿੰਡ ਚੈਪਟਰ ਅਤੇ ਸੁਫ਼ਨਾ ਵਰਗੀਆਂ ਫ਼ਿਲਮਾਂ ਵੀ ਲੱਗੀਆਂ ਹੋਈਆਂ ਹਨ। ਫ਼ਿਲਹਾਲ 31 ਮਾਰਚ ਤਕ ਸਿਨੇਮਾਘਰਾਂ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ‘ਚ ਜੇਕਰ ਕੋਰੋਨਾਵਾਇਰਸ ‘ਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਇਹ ਸਮਾਂ ਹੋਰ ਵੀ ਵਧਾ ਦਿੱਤਾ ਜਾਵੇਗਾ। ਉਥੇ ਪੰਜਾਬ ਦੇ ਨਾਲ ਭਾਰਤ ਦੇ ਹੋਰਨਾਂ ਸੂਬਿਆਂ ‘ਚ ਵੀ ਇਹ ਹੁਕਮ ਜਾਰੀ ਹਨ।