ਮੁੰਬਈ – ਫ਼ਿਲਮ ਨਗਰੀ ਮੁੰਬਈ ਵਿੱਚ ਫ਼ਿਲਮ ਨਿਰਮਾਣ ਦੀਆਂ ਸਾਰੀਆਂ ਗਤੀਵਿਧੀਆਂ ਕੋਰੋਨਾਵਾਇਰਸ ਦੇ ਇਨਫ਼ੈਕਸ਼ਨ ਨੂੰ ਦੇਖਦੇ ਹੋਏ ਰੋਕ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਬੀਤੇ ਦਿਨ ਮੁੰਬਈ ਵਿੱਚ ਫ਼ਿਲਮ ਨਿਰਮਾਤਾਵਾਂ, ਫ਼ਿਲਮ ਨਿਰਦੇਸ਼ਕਾਂ ਅਤੇ ਫ਼ਿਲਮ ਕਾਰੀਗਰਾਂ ਦੀਆਂ ਯੂਨੀਅਨਾਂ ਦੀ ਸੰਯੁਕਤ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ। ਕੋਰੋਨਾਵਾਇਰਸ ਦਾ ਇਨਫ਼ੈਕਸ਼ਨ ਭਾਰਤ ਵਿੱਚ ਦੂਜੇ ਪੜਾਅ ਵਿੱਚ ਹੈ ਅਤੇ ਇਸ ਨੂੰ ਤੀਜੇ ਪੜਾਅ ਵਿੱਚ ਪੁੱਜਣ ਤੋਂ ਰੋਕਣ ਲਈ ਪੂਰੇ ਮਹਾਰਾਸ਼ਟਰ ਦੇ ਸਕੂਲ, ਸਿਨੇਮਾਘਰ, ਸ਼ੌਪਿੰਗ ਮਾਲਜ਼ ਅਤੇ ਕਾਲਜ- ਸਕੂਲ ਪਹਿਲਾਂ ਤੋਂ ਹੀ ਬੰਦ ਕੀਤੇ ਜਾ ਚੁੱਕੇ ਹਨ।
ਸਾਰੀਆਂ ਸੰਸਥਾਵਾਂ ਨੇ ਮਿਲ ਕੇ ਕੀਤਾ ਫ਼ੈਸਲਾ
ਇੰਡੀਅਨਮੋਸ਼ਨ ਪਿਕਚਰਜ਼ ਪ੍ਰੋਡਿਊਸਰਜ਼ ਐਸੋਸੀਏਸ਼ਨ, ਵੈੱਸਟਰਨ ਇੰਡੀਆ ਫ਼ਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ, ਇੰਡੀਅਨ ਫ਼ਿਲਮ ਐਂਡ TV ਪ੍ਰੋਡਿਊਸਰਜ਼ ਕਾਊਂਸਿਲ, ਇੰਡੀਅਨ ਫ਼ਿਲਮ ਐਂਡ ਟੀ.ਵੀ. ਡਾਇਰੈਕਟਰਜ਼ ਐਸੋਸੀਏਸ਼ਨ ਅਤੇ ਫ਼ੈਡਰੇਸ਼ਨ ਔਫ਼ ਵੈੱਸਟਰਨ ਇੰਡੀਆ ਸਿਨੇ ਐਮਪੋਲਾਈਜ਼ ਦੀ ਮੁੰਬਈ ਵਿੱਚ ਹੋਈ ਸੰਯੁਕਤ ਬੈਠਕ ਵਿੱਚ ਕੋਰੋਨਾ ਕੋਵਿਡ 19 ਵਾਇਰਸ ਦੇ ਭਾਰਤ ਵਿੱਚ ਲਗਾਤਾਰ ਫ਼ੈਲਦੇ ਜਾਣ ਦੀ ਹਾਲਤ ‘ਤੇ ਚਰਚਾ ਕੀਤੀ ਗਈ। ਚਰਚਾ ਦੌਰਾਨ ਸਾਰੇ ਸੰਗਠਨਾਂ ਦੇ ਪ੍ਰਨਿਤੀਧੀਆਂ ਨੇ ਇਹ ਮੰਨਿਆ ਕਿ ਇਸ ਹਾਲਤ ਵਿੱਚ ਸ਼ੂਟਿੰਗ ਜਾਰੀ ਰੱਖਣਾ ਠੀਕ ਨਹੀਂ ਹੈ ਕਿਉਂਕਿ ਹਰ ਫ਼ਿਲਮ, TV ਜਾਂ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਣਗਿਣਤ ਲੋਕ ਮੌਜੂਦ ਰਹਿੰਦੇ ਹਨ।
ਇਸ ਬੈਠਕ ਵਿੱਚ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਸਾਰੀਆਂ ਤਰ੍ਹਾਂ ਦੀਆਂ ਫ਼ਿਲਮਾਂ, ਸੀਰੀਅਲਾਂ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ 19 ਮਾਰਚ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਕੋਈ ਵੀ ਕਲਾਕਾਰ, ਕਾਰੀਗਰ, ਨਿਰਮਾਤਾ ਜਾਂ ਨਿਰਦੇਸ਼ਕ ਇਸ ਦੌਰਾਨ ਨਾ ਤਾਂ ਬੰਦ ਸਟੂਡੀਓ ਵਿਚੱ ਜਾਂ ਕਿਸੇ ਖੁੱਲ੍ਹੀ ਲੋਕੇਸ਼ਨ ‘ਤੇ ਕਿਸੇ ਤਰ੍ਹਾਂ ਦੀ ਸ਼ੂਟਿੰਗ ਕਰੇਗਾ। ਸੋਮਵਾਰ ਤੋਂ ਬੁੱਧਵਾਰ ਤਕ ਦਾ ਸਮਾਂ ਇਨ੍ਹਾਂ ਲੋਕਾਂ ਨੂੰ ਆਪਣਾ ਮੌਜੂਦਾ ਕੰਮ ਸਮੇਟਣ ਲਈ ਦਿੱਤਾ ਗਿਆ ਹੈ। ਹਿੰਦੀ ਸਿਨੇਮਾ ਵਿੱਚ ਸ਼ੂਟਿੰਗ ਰੋਕਣ ਦਾ ਇਹ ਫ਼ੈਸਲਾ ਹੁਣ 31 ਮਾਰਚ ਤਕ ਜਾਰੀ ਰਹੇਗਾ। ਇਹ ਸਾਰੇ ਸੰਗਠਨ ਇੱਕ ਵਾਰ ਫ਼ਿਰ 30 ਮਾਰਚ ਨੂੰ ਸੰਯੁਕਤ ਬੈਠਕ ਕਰਨਗੇ। ਇਸ ਬੈਠਕ ਵਿੱਚ ਸ਼ੂਟਿੰਗ ਇੱਕ ਅਪ੍ਰੈਲ ਤੋਂ ਸ਼ੁਰੂ ਕਰਨ ਜਾਂ ਇਹ ਬੰਦੀ ਅੱਗੇ ਵੀ ਜਾਰੀ ਰੱਖਣ ਬਾਰੇ ਫ਼ੈਸਲਾ ਲਿਆ ਜਾਵੇਗਾ। ਬੈਠਕ ਤੋਂ ਬਾਅਦ ਸਾਰੇ ਸੰਗਠਨਾਂ ਵਲੋਂ ਇੱਕ ਸੰਯੁਕਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਧਿਆਨਯੋਗ ਹੈ ਕਿ ਕੋਰੋਨਾਵਾਇਰਸ ਦਾ ਅਸਰ ਹੁਣ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਾਰਨ ਮਨੋਰੰਜਨ ਜਗਤ ‘ਤੇ ਕਾਫ਼ੀ ਅਸਰ ਪਿਆ ਰਿਹਾ ਹੈ। ਹੌਲੀਵੁਡ ਤੋਂ ਲੈ ਕੇ ਬੌਲੀਵੁਡ ਤਕ ਦੀਆਂ ਫ਼ਿਲਮਾਂ ਨੂੰ ਫ਼ਿਲਹਾਲ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਉਥੇ ਹੀ ਕਈ ਪ੍ਰੋਗਰਾਮਾਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ। ਕੋਰੋਨਾਵਾਇਰਸ ਦੇ ਚਲਦੇ ਸਲਮਾਨ ਖ਼ਾਨ ਨੇ ਅਮਰੀਕਾ ਵਿੱਚ ਇੱਕ ਕੌਨਸਰਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਕੌਨਸਰਟ ਟੂਰ 10 ਦਿਨਾਂ ਦਾ ਸੀ। ਉਥੇ ਹੀ ਅਮਰੀਕਾ ਵਿੱਚ ਹੀ ਐਕਟਰ ਰਿਤਿਕ ਰੌਸ਼ਨ ਦਾ ਵੀ ਨੌਂ ਦਿਨ ਦਾ ਕੌਨਸਰਟ ਰੱਦ ਹੋ ਗਿਆ ਹੈ।
ਕਈ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਵੀ ਟਾਲ ਦਿੱਤੀ ਗਈ
ਕੋਰੋਨਾਵਾਇਰਸ ਕਾਰਨ ਫ਼ਿਲਮ ਸੂਰਿਆਵੰਸ਼ੀ ਦੀ ਰਿਲੀਜ਼ ਨੂੰ ਵੀ ਟਾਲ ਦਿੱਤਾ ਗਿਆ ਹੈ। ਇਹ ਫ਼ਿਲਮ ਪਹਿਲਾਂ 24 ਮਾਰਚ ਨੂੰ ਰਿਲੀਜ਼ ਹੋਣੀ ਵਾਲੀ ਸੀ। ਉਥੇ ਹੀ ਅਪ੍ਰੈਲ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਜੇਮਜ਼ ਬੌਂਡ ਦੀ ਅਗਲੀ ਕੜੀ ਨੋ ਟਾਇਮ ਟੂ ਡਾਏ ਦੀ ਰਿਲੀਜ਼ ਨੰਵਬਰ ਤਕ ਲਈ ਟਾਲ ਦਿੱਤੀ ਗਈ ਹੈ। 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਦਾ ਨਿਊ ਮਿਊਟੇਂਟਸ ‘ਦੀ ਵੀ ਰਿਲੀਜ਼ਿੰਗ ਡੇਟ ਨੂੰ ਰੋਕ ਦਿੱਤਾ ਗਿਆ ਹੈ। ਉਥੇ ਹੀ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਫ਼ਿਲਹਾਲ ਸਾਹਮਣੇ ਨਹੀਂ ਆਈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਅਤੇ ਪਰੋਗਰਾਮਾਂ ਨੂੰ ਕੋਰੋਨਾਵਾਇਰਸ ਕਾਰਨ ਰੱਦ ਕੀਤਾ ਹੈ।