ਕਰਾਚੀ – ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਸ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਮੈਚਾਂ ਬਿਨਾ ICC ਵਿਸ਼ਵ ਟੈੱਸਟ ਚੈਂਪੀਅਨਸ਼ਿਪ ਬੇਕਾਰ ਹੈ। ਵਿਸ਼ਵ ਟੈੱਸਟ ਚੈਂਪੀਅਨਸ਼ਿਪ ‘ਚ ਨੌਂ ਚੋਟੀ ਦੀ ਰੈਂਕਿੰਗ ਵਾਲੀਆਂ ਟੈੱਸਟ ਟੀਮਾਂ ਹਨ ਜੋ ਆਪਣੇ ਚੁਣੇ ਹੋਏ ਵਿਰੋਧੀ ਖ਼ਿਲਾਫ਼ ਛੇ ਦੁਵੱਲੀਆਂ ਸੀਰੀਜ਼ ਖੇਡਣਗੀਆਂ। ਆਖ਼ਿਰ ‘ਚ ਦੋ ਚੋਟੀ ਦੀਆਂ ਟੀਮਾਂ ਜੂਨ 2021 ‘ਚ ਇੰਗਲੈਂਡ ‘ਚ ਫ਼ਾਈਨਲ ਖੇਡਣਗੀਆਂ। ਵਕਾਰ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਲਈ ਸਰਕਾਰ ਦੇ ਪੱਧਰ ‘ਤੇ ਵੀ ਸਥਿਤੀ ਮੁਸ਼ਕਿਲ ਹੈ ਪਰ ICC ਇਸ ਮੈਚ ਲਈ ਜ਼ਿਆਦਾ ਸਰਗਰਮ ਭੂਮੀਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ICC ਨੂੰ ਦਖ਼ਲ ਦੇ ਕੇ ਕੁੱਝ ਕਰਨਾ ਚਾਹੀਦਾ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲੇ ਦੇ ਬਿਨਾ ਟੈੱਸਟ ਚੈਂਪੀਅਨਸ਼ਿਪ ਦੇ ਕੋਈ ਮਾਈਨੇ ਨਹੀਂ।
ਮੁੰਬਈ ‘ਚ 2008 ਦੇ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਦੋਹਾਂ ਦੇਸ਼ਾਂ ਵਿੱਚ ਰਾਜ ਡਿਪਲੋਮੈਟ ਅਤੇ ਰਾਜਨੀਤਿਕ ਤਨਾਅ ਕਾਰਨ ਕੋਈ ਦੁਵੱਲੇ ਸੀਰੀਜ਼ ਵੀ ਨਹੀਂ ਹੋਈ। ਵਕਾਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਤਨਾਅਪੂਰਨ ਸੰਬੰਧਾਂ ਕਾਰਨ ਉਹ ਆਪਣੇ 14 ਸਾਲ ਦੇ ਅੰਤਰਰਾਸ਼ਟਰੀ ਕਰੀਅਰ ‘ਚ ਭਾਰਤ ਵਿਰੁੱਧ ਚਾਰ ਹੀ ਟੈੱਸਟ ਖੇਡ ਸਕੇ। ਉਨ੍ਹਾਂ ਨੇ ਭਾਰਤ ਦੇ ਮੌਜੂਦਾ ਤੇਜ਼ ਗੇਂਦਬਾਜ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਹਿਲਾਂ ਅਜਿਹਾ ਨਹੀਂ ਸੀ, ਪਰ ਹੁਣ ਹਾਲਾਤ ਬਦਲ ਗਏ ਹਨ। ਭਾਰਤ ਕੋਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ ਵਰਗੇ ਸ਼ਾਨਦਾਰ ਗੇਂਦਬਾਜ਼ ਹਨ ਅਤੇ ਇਹੀ ਵਜ੍ਹਾ ਹੈ ਕਿ ਭਾਰਤ ਟੈੱਸਟ ਅਤੇ ਹੋਰ ਸਵਰੂਪਾਂ ‘ਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।