ਚੰਡੀਗੜ੍ਹ – ਭਾਰਤੀ ਖੇਡ ਹਸਤੀਆਂ ‘ਤੇ ਪਿਛਲੇ ਕੁੱਝ ਸਮੇਂ ‘ਤੇ ਕਾਫ਼ੀ ਬਾਇਓਪਿਕਸ ਬਣੀਆਂ ਹਨ। ਬੌਕਸਿੰਗ ਤੋਂ ਲੈ ਕੇ ਬੈਡਮਿੰਟਨ ਅਤੇ ਕ੍ਰਿਕਟ ਤੋਂ ਲੈ ਕੇ ਹਾਕੀ ਤਕ, ਬੌਲੀਵੁੱਡ ਨੇ ਫ਼ਿਲਮਾਂ ਬਣਾਈਆਂ ਹਨ। ਇੱਥੋਂ ਤਕ ਕਿ ਮੌਜੂਦਾ ਸਮੇਂ ‘ਚ ਵੀ ਕ੍ਰਿਕਟ ‘ਤੇ ਦੋ ਫ਼ਿਲਮਾਂ ਬਣ ਰਈਆਂ ਹਨ। ਇਨ੍ਹਾਂ ‘ਚੋਂ ਇੱਕ ਭਾਰਤ ਦੀ 1983 ਦੀ ਵਰਲਡ ਕੱਪ ਜਿੱਤ ‘ਤੇ ਬਣੀ ਹੈ ਅਤੇ ਦੂਜੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਜ਼ਿੰਦਗੀ ‘ਤੇ। ਹੁਣ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਟੀਮ ਇੰਡੀਆ ਦੇ ਧਾਕੜ ਆਲਰਾਊਂਡਰ ਯੁਵਰਾਜ ਸਿੰਘ ‘ਤੇ ਵੀ ਇੱਕ ਬਾਇਓਪਿਕ ਬਣ ਸਕਦੀ ਹੈ।
ਇਸ ਅਭਿਨੇਤਾ ਨੂੰ ਆਪਣਾ ਕਿਰਦਾਰ ਨਿਭਾਉਂਦਾ ਦੇਖਣਾ ਚਾਹੁੰਦੈ ਯੁਵੀ
ਹਾਲਾਂਕਿ ਅਜੇ ਇਸ ਬਾਰੇ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਯੁਵਰਾਜ ‘ਤੇ ਬਾਇਓਪਿਕ ਬਣ ਰਹੀ ਹੈ ਜਾਂ ਨਹੀਂ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਹੋ ਰਹੀਆਂ ਗੱਲਾਂ ਬੇਵਜ੍ਹਾ ਤਾਂ ਬਿਲਕੁਲ ਨਹੀਂ ਹਨ। ਜਦੋਂ ਯੁਵਰਾਜ ਤੋਂ ਇਹ ਪੁੱਛਿਆ ਗਿਆ ਕਿ ਉਸ ਦੀ ਬਾਇਓਪਿਕ ‘ਚ ਮੁੱਖ ਕਿਰਦਾਰ ਨਿਭਾਉਣ ਲਈ ਉਹ ਕਿਸ ਨੂੰ ਸਭ ਤੋਂ ਸਹੀ ਮੰਨਦੈ ਤਾਂ ਯੁਵਰਾਜ ਨੇ ਜਵਾਬ ‘ਚ ਬਿਲਕੁਲ ਵੀ ਦੇਰ ਨਹੀਂ ਕੀਤੀ। ਯੁਵਰਾਜ ਨੇ ਪਹਿਲਾਂ ਤਾਂ ਕਿਹਾ ਕਿ ਸ਼ਾਇਦ ਮੈਂ ਹੀ ਆਪਣਾ ਕਿਰਦਾਰ ਨਿਭਾਵਾਂਗਾ, ਪਰ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਤੈਅ ਕਰਨਾ ਤਾਂ ਡਾਇਰੈਕਟਰ ਤਾਂ ਕੰਮ ਹੈ, ਪਰ ਜੇਕਰ ਮੈਨੂੰ ਚੁਣਨਾ ਪਵੇ ਤਾਂ ਮੈਂ ਸਿਧਾਂਤ ਚਤੁਰਵੇਦੀ ਨੂੰ ਚੁਣਾਂਗਾ ਜਿਸ ਨੇ ਗਲੀ ਬੁਆਏ ‘ਚ ਐੱਮ. ਸੀ. ਸ਼ੇਰ ਦਾ ਕਿਰਾਦਰ ਨਿਭਾਇਆ ਸੀ। ਮੈਨੂੰ ਉਨ੍ਹਾਂ ਨੂੰ ਫ਼ਿਲਮ ‘ਚ ਦੇਖ ਕੇ ਖ਼ੁਸ਼ੀ ਹੋਵੇਗੀ।” ਗਲੀ ਬੁਆਏ ਦੇ ਐੱਮ. ਸੀ. ਸ਼ੇਰ ਭਾਵ ਸਿਧਾਂਤ ਚਤੁਰਵੇਦੀ ਲਈ ਕ੍ਰਿਕਟਰ ਦਾ ਕਿਰਦਾਰ ਨਵਾਂ ਨਹੀਂ। ਉਹ ਐਮੇਜ਼ੋਨ ਪ੍ਰਾਈਮ ਸੀਰੀਜ਼ ਇਨਸਾਈਡ ਐਜ਼ ‘ਚ ਵੀ ਇੱਕ ਕ੍ਰਿਕਟਰ ਦੀ ਭੂਮਿਕਾ ਨਿਭਾ ਚੁੱਕਾ ਹੈ।
ਦਿਲਚਸਪ ਹੈ ਯੁਵਰਾਜ ਸਿੰਘ ਦੀ ਕਹਾਣੀ
ਯੁਵਰਾਜ ਸਿੰਘ ਦੀ ਜ਼ਿੰਦਗੀ ਕਈ ਉਤਰਾਅ-ਚੜ੍ਹਾਅ ਭਰੀ ਹੈ। ਭਾਰਤ ਨੂੰ ਸਾਲ 2011 ‘ਚ ਵਰਲਡ ਕੱਪ ਜਿਤਾਉਣ ‘ਚ ਉਸ ਦਾ ਸਭ ਤੋਂ ਅਹਿਮ ਯੋਗਦਾਨ ਸੀ ਜਿਸ ਲਈ ਉਸ ਨੂੰ ਮੈਨ ਔਫ਼ ਦਾ ਸੀਰੀਜ਼ ਵੀ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਹ ਕੈਂਸਰ ਨਾਲ ਲੜ ਕੇ ਮੈਦਾਨ ‘ਤੇ ਵਾਪਿਸ ਪਰਤਿਆ। T-20 ਵਰਲਡ ਕੱਪ ‘ਚ ਸਟੁਅਰਟ ਬ੍ਰੌਡ ਦੇ ਓਵਰ ‘ਚ ਛੇ ਗੇਂਦਾਂ ‘ਚ ਛੇ ਛੱਕੇ ਭਲਾ ਕੌਣ ਭੁੱਲ ਸਕਦੈ? ਯੁਵਰਾਜ ਨੇ ਜੂਨ 2019 ‘ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।