ਮੁੰਬਈ—ਭਾਰਤ ‘ਚ ਕੋਰੋਨਾਵਾਇਰਸ ਦਾ ਖਤਰਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਵੀ ਹੁਣ ਤੱਕ 52 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ , ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ 31 ਮਾਰਚ ਤੱਕ 4 ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਜਰੂਰੀ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਦੱਸ ਦੇਈਏ ਕਿ ਇਸ ਸਬੰਧੀ ਮੁੱਖ ਮੰਤਰੀ ਊਧਵ ਠਾਕਰੇ ਨੇ ਐਲਾਨ ਕੀਤਾ ਹੈ। ਇਨ੍ਹਾਂ 4 ਸ਼ਹਿਰਾਂ ‘ਚ ਮੁੰਬਈ, ਪੂਨੇ, ਨਾਗਪੁਰ ਅਤੇ ਪਿੰਪਰੀ ਚਿੰਚਾਵੜ ਸ਼ਾਮਲ ਹਨ।
ਮੁੱਖ ਮੰਤਰੀ ਠਾਕਰੇ ਨੇ ਇਹ ਵੀ ਕਿਹਾ ਹੈ ਕਿ ਸਿਰਫ ਜ਼ਰੂਰੀ ਸੇਵਾਵਾਂ ਖੁੱਲ੍ਹਆਂ ਰਹਿਣਗੀਆਂ, ਜਿਸ ‘ਚ ਭੋਜਨ, ਦੁੱਧ ਅਤੇ ਦਵਾਈਆਂ ਸ਼ਾਮਲ ਹਨ । ਉਨ੍ਹਾਂ ਨੇ ਕਿਹਾ ਹੈ ਕਿ ਬੈਂਕ ਖੁੱਲ੍ਹੇ ਰਹਿਣਗੇ। ਸਰਕਾਰੀ ਦਫਤਰ ‘ਚ ਹਾਜ਼ਰੀ ਮੌਜੂਦਾ 50 ਫੀਸਦੀ ਤੋਂ ਘੱਟ ਕਰਕੇ 25 ਫੀਸਦੀ ਤੱਕ ਕੀਤੀ ਜਾਵੇਗੀ। ਪਹਿਲਾਂ 50 ਫੀਸਦੀ ਹਾਜ਼ਰੀ ਦਾ ਐਲਾਨ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਮੁੰਬਈ ਦੇ ਜਨਤਕ ਆਵਾਜਾਈ ਦੇ ਬੰਦ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ, ”ਟ੍ਰੇਨ ਅਤੇ ਬੱਸਾਂ ਸ਼ਹਿਰ ਦੀ ਜੀਵਨਰੇਖਾ ਹੈ ਅਤੇ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਮੈਨੂੰ ਇਹ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ ਪਰ ਅਜਿਹਾ ਕਰਨ ਨਾਲ ਉਨ੍ਹਾਂ ਕੰਮ ਕਰਨ ਵਾਲੇ ਸਥਾਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ ਜੋ ਸ਼ਹਿਰ ਨੂੰ ਜਰੂਰੀ ਸੇਵਾਵਾਂ ਮੁਹੱਈਆਂ ਕਰਵਾਉਂਦੇ ਹਨ।”
ਉਨ੍ਹਾਂ ਨੇ ਕਿਹਾ ਹੈ ਕਿ ਜਨਤਕ ਆਵਾਜਾਈ ਨੂੰ ਬੰਦ ਕਰਨ ਦਾ ਫੈਸਲਾ ਹੁਣ ਤੱਕ ਨਹੀਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੇ ਘਰਾਂ ‘ਚ ਰਹਿਣ ਦੀ ਅਪੀਲ ਮੰਨੀ ਹੈ ਅਤੇ ਟ੍ਰੇਨਾਂ-ਬੱਸਾਂ ‘ਚ ਪਹਿਲਾਂ ਦੀ ਤਰ੍ਹਾਂ ਭੀੜ ਨਹੀਂ ਹੈ। ਮੁੱਖ ਮੰਤਰੀ ਠਾਕਰੇ ਨੇ ਕਿਹਾ, ” ਮੈਂ ਮਾਲਕਾਂ ਨੂੰ ਇਹ ਯਕੀਨੀ ਬਣਾਉਣ ਦਾ ਬੇਨਤੀ ਕਰਦਾ ਹਾਂ ਕਿ ਬੰਦ ਦੇ ਦੌਰਾਨ ਵੀ ਉਨ੍ਹਾਂ ਦੇ ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ ਦਿੱਤੀ ਜਾਵੇ।”