ਨਵੀਂ ਦਿੱਲੀ — ਚੋਣ ਕਮਿਸ਼ਨ ਨੇ ਆਉਣ ਵਾਲੇ ਅਪ੍ਰੈਲ ਮਹੀਨੇ ‘ਚ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ 55 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਨੂੰ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਮੁਲਤਵੀ ਕਰ ਦਿੱਤੀਆਂ ਹਨ। ਕਮਿਸ਼ਨ ਵਲੋਂ ਮੰਗਲਵਾਰ ਨੂੰ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦੀ ਨਵੀਂ ਤਰੀਕ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਕਮਿਸ਼ਨ ਨੇ 17 ਸੂਬਿਆਂ ਦੀਆਂ 55 ਰਾਜ ਸਭਾ ਸੀਟਾਂ ਲਈ 26 ਮਾਰਚ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ। ਕਮਿਸ਼ਨ ਦੀ ਨੋਟੀਫਿਕੇਸ਼ਨ ਮੁਤਾਬਕ ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਿਆ ਅਤੇ ਰਾਜਸਥਾਨ ਦੀਆਂ ਬਾਕੀ 18 ਸੀਟਾਂ ‘ਤੇ 26 ਮਾਰਚ ਨੂੰ ਵੋਟਾਂ ਹੋਣੀਆਂ ਸਨ।
ਕਮਿਸ਼ਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਵਿਸ਼ਵ ਸਿਹਤ ਸੰਗਠਨ ਵਲੋਂ 11 ਮਾਰਚ ਨੂੰ ਵੈਸ਼ਵਿਕ ਮਹਾਮਾਰੀ ਦੀ ਸਥਿਤੀ ਐਲਾਨ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਸਿਹਤ ਮੰਤਰਾਲੇ ਸਮੇਤ ਹੋਰ ਸਬੰਧਤ ਮੰਤਰਾਲਿਆਂ ਦੇ ਜ਼ਰੀਏ ਇਸ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਗਲਵਾਰ ਨੂੰ ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੁਣ ਤਕ 500 ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਹਨ। ਲਗਾਤਾਰ ਵਧ ਰਹੇ ਮਾਮਲਿਆਂ ਨੂੰ ਧਿਆਨ ‘ਚ ਰੱਖਦੇ ਹੋਏ ਲੱਗਭਗ ਪੂਰੇ ਦੇਸ਼ ‘ਚ ਲਾਕ ਡਾਊਨ ਕਰ ਦਿੱਤਾ ਗਿਆ ਹੈ।