ਨਵੀਂ ਦਿੱਲੀ— ਭਾਰਤ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼ ‘ਚ ਹੁਣ ਤਕ 10 ਲੋਕਾਂ ਦੀ ਇਸ ਵਾਇਰਸ ਦੇ ਲਪੇਟ ‘ਚ ਆਉਣ ਦੀ ਵਜ੍ਹਾ ਕਰ ਕੇ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੀ ਮੰਗਲਵਾਰ ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ‘ਚ ਕੋਰੋਨਾ ਵਾਇਰਸ ਦੇ 492 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 451 ਭਾਰਤੀ ਹਨ, ਜਦਕਿ 41 ਵਿਦੇਸ਼ੀ ਨਾਗਰਿਕ ਹਨ। ਹਾਲਾਂਕਿ ਰਾਹਤ ਦੀ ਖਬਰ ਇਹ ਵੀ ਹੈ ਕਿ ਇਨ੍ਹਾਂ ‘ਚੋਂ 37 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਜੇਕਰ ਅਸੀਂ ਘਰਾਂ ‘ਚ ਖੁਦ ਨੂੰ ਬੰਦ ਰੱਖੀਏ ਤਾਂ ਇਸ ਵਾਇਰਸ ‘ਤੇ ਕਾਫੀ ਹੱਦ ਤਕ ਨਕੇਲ ਕੱਸੀ ਜਾ ਸਕਦੀ ਹੈ। ਕਿਉਂਕਿ ਇਹ ਵਾਇਰਸ ਇਨਸਾਨੀ ਸਰੀਰਕ ‘ਤੇ ਅਟੈਕ ਕਰਦਾ ਹੈ ਅਤੇ ਇਨਸਾਨੀ ਸਰੀਰ ਮਿਲਦੇ ਹੀ ਇਹ ਤਾਕਤਵਰ ਹੋ ਜਾਂਦਾ ਹੈ। ਜਿਸ ਕਾਰਨ ਮਨੁੱਖ ਨੂੰ ਸਾਹ ਲੈਣ ‘ਚ ਮੁਸ਼ਕਲ ਪੇਸ਼ ਆਉਂਦੀ ਹੈ। ਡਾਕਟਰਾਂ ਅਤੇ ਪੁਲਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਿੰਨਾ ਹੋ ਸਕੇ ਇਸ ਵਾਇਰਸ ਤੋਂ ਬਚਣ, ਘਰਾਂ ‘ਚ ਰਹਿਣ, ਸਿਹਤਮੰਦ ਅਤੇ ਸੁਰੱਖਿਅਤ ਰਹਿਣ।
ਦਰਅਸਲ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਮਹਾਰਾਸ਼ਟਰ ‘ਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ 100 ਦੇ ਕਰੀਬ ਪੀੜਤ ਮਰੀਜ਼ਾਂ ਦੀ ਗਿਣਤੀ ਪਹੁੰਚ ਗਈ ਹੈ ਅਤੇ ਇੱਥੇ ਹੀ 2 ਲੋਕ ਦੀ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ ਦਿੱਲੀ, ਕਰਨਾਟਕ, ਬਿਹਾਰ, ਗੁਜਰਾਤ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਇਕ-ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
ਕਰੀਬ 23 ਸੂਬਿਆਂ ‘ਚ ਇਹ ਵਾਇਰਸ ਫੈਲ ਚੁੱਕਾ ਹੈ। ਇਨ੍ਹਾਂ ‘ਚ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਪੁਡੂਚੇਰੀ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੱਦਾਖ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ। ਵਾਇਰਸ ਤੋਂ ਬਚਾ ਲਈ ਕੇਂਦਰ ਸਰਕਾਰ ਠੋਸ ਕਦਮ ਚੁੱਕੀ ਹੈ। ਕਈ ਸੂਬੇ ਇਸ ਸਮੇਂ ਲਾਕ ਡਾਊਨ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਕੋਰੋਨਾ ਵਾਇਰਸ ‘ਤੇ ਦੇਸ਼ ਨੂੰ ਸੰਬੋਧਿਤ ਕਰਨਗੇ।